- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਸਕੂਲ ਵਿਖੇ ਪੀਡੀਏਵੀ ਐੱਮਯੂਐੱਨ ਦਾ ਸ਼ਾਨਦਾਰ ਸਮਾਪਨ

-700 ਵਿਦਿਆਰਥੀਆਂ ਨੇ ਲਿਆ ਹਿੱਸਾ, 11 ਕਮੇਟੀਆਂ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਸੀਨੀਅਰ ਸਟਾਫ ਰਿਰਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਜਲੰਧਰ ਕੈਂਟ ਵਿਖੇ ਪ੍ਰਿੰਸੀਪਲ ਡਾ. ਆਰਐੱਸ ਕੰਗ ਦੀ ਅਗਵਾਈ ਹੇਠ ਕਰਵਾਈ ਗਈ ਪੀਡੀਏਵੀ ਮਾਡਲ ਯੂਨਾਈਟਿਡ ਨੇਸ਼ਨਜ਼ (ਐੱਮਯੂਐੱਨ) ਕਾਨਫਰੰਸ ਦੀ ਸਮਾਪਨੀ ਸ਼ਾਨਦਾਰ ਢੰਗ ਨਾਲ ਹੋਇਆ। ਤਿੰਨ ਦਿਨਾਂ ਤੱਕ ਚੱਲੀ ਇਸ ਕਾਨਫਰੰਸ ਦੇ ਆਖਰੀ ਦਿਨ ਲਗਭਗ 700 ਵਿਦਿਆਰਥੀਆਂ ਨੇ ਵੱਖ-ਵੱਖ ਕਮੇਟੀਆਂ ’ਚ ਵਿਸ਼ਵ ਪੱਧਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੇ ਵਿਹਾਰਕ ਹੱਲ ਲੱਭਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦਾ ਤਾਲਮੇਲ ਬਲਵਿੰਦਰ ਸਿੰਘ, ਡਾ. ਮਨੋਜ ਦੱਤਾ ਤੇ ਸੀਮਾ ਸ਼ਰਮਾ ਵੱਲੋਂ ਕੀਤਾ ਗਿਆ। ਸਮਾਪਨ ਸਮਾਰੋਹ ’ਚ ਇੰਦਰਜੀਤ ਤਲਵਾੜ, ਵਾਈਸ ਚੇਅਰਮੈਨ, ਪੁਲਿਸ ਡੀਏਵੀ ਪਬਲਿਕ ਸਕੂਲ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਏਕਤਾ ਖੋਸਲਾ, ਪ੍ਰਿੰਸੀਪਲ, ਐੱਚਐੱਮਵੀ ਕਾਲਜ, ਜਲੰਧਰ ਸਵੀਨ ਪੁਰੀ, ਮੈਨੇਜਰ, ਪੁਲਿਸ ਡੀਏਵੀ ਪਬਲਿਕ ਸਕੂਲ ਸੰਧਿਆ ਦੀਵਾਨ, ਪ੍ਰਿੰਸੀਪਲ, ਕੈਂਬਰਿਜ ਸਕੂਲ, ਨਕੋਦਰ ਤੇ ਪ੍ਰਿੰਸੀਪਲ ਸੋਨਾਲੀ ਸ਼ਰਮਾ, ਡੀਏਵੀ ਕਪੂਰਥਲਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜਵਲਨ ਨਾਲ ਹੋਈ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਸੰਗੀਤਕ ਪੇਸ਼ਕਾਰੀਆਂ ਰਾਹੀਂ ਮਾਹੌਲ ਨੂੰ ਸੁਰਮਈ ਬਣਾ ਦਿੱਤਾ। ਮੁੱਖ ਮਹਿਮਾਨ ਇੰਦਰਜੀਤ ਤਲਵਾੜ ਨੇ ਆਪਣੇ ਸੰਬੋਧਨ ’ਚ ‘ਵਸੁਧੈਵ ਕੁਟੁੰਬਕਮ’ ਦੇ ਸੰਕਲਪ ’ਤੇ ਚਾਨਣਾ ਪਾਉਂਦਿਆਂ ਵਿਸ਼ਵ ਭਾਈਚਾਰੇ ਦੀ ਮਹੱਤਤਾ ਤੇ ਵੱਖ-ਵੱਖ ਦੇਸ਼ਾਂ ਵਿਚਕਾਰ ਸ਼ਾਂਤੀ, ਸਹਿਯੋਗ ਤੇ ਸੰਵਾਦ ਸਥਾਪਤ ਕਰਨ ’ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਸਵੀਨ ਪੁਰੀ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਸਕੂਲ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੀਡੀਏਵੀ ਐੱਮਯੂਐੱਨ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਨੂੰ ਦਰਸਾਉਂਦੀ ਈ-ਮੈਗਜ਼ੀਨ ਵੀ ਮਹਿਮਾਨਾਂ ਵੱਲੋਂ ਜਾਰੀ ਕੀਤੀ ਗਈ। ਸਮਾਰੋਹ ਦੌਰਾਨ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਸ਼ਮੀਤ ਸਿੰਘ ਦੀ ਕਵਿਤਾਵਾਂ ਦੀ ਪੁਸਤਕ ‘ਐਪੇਟਾਈਜ਼ਰ’ ਲੋਕ ਅਰਪਣ ਕੀਤੀ ਗਈ। ਮਹਿਮਾਨਾਂ ਨੇ ਵਿਦਿਆਰਥੀ ਦੀ ਸਾਹਿਤਕ ਪ੍ਰਤਿਭਾ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਮੁੱਖ ਮਹਿਮਾਨ ਇੰਦਰਜੀਤ ਤਲਵਾੜ ਤੇ ਵਿਸ਼ੇਸ਼ ਮਹਿਮਾਨਾਂ ਡਾ. ਏਕਤਾ ਖੋਸਲਾ, ਸਵੀਨ ਪੁਰੀ ਤੇ ਸੰਧਿਆ ਦੀਵਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਕਾਨਫਰੰਸ ਦੀ ਡਿਪਟੀ ਸੈਕਟਰੀ ਜਨਰਲ ਤਨਵੀਰ ਕੌਰ ਨੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੀਡੀਏਵੀ ਐੱਮਯੂਐੱਨ ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਸ਼ਖ਼ਸੀਅਤ ਦੇ ਵਿਕਾਸ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਈ। ਸਮਾਗਮ ਦੌਰਾਨ ਕਾਨਫਰੰਸ ਦੇ ਤਿੰਨ ਦਿਨਾਂ ਦੀਆਂ ਗਤੀਵਿਧੀਆਂ ਤੇ ਪ੍ਰਬੰਧਾਂ ਨੂੰ ਦਰਸਾਉਂਦੀ ਵੀਡੀਓ ਵੀ ਦਿਖਾਈ ਗਈ। ਇਸ ਤੋਂ ਬਾਅਦ ਐਗਜ਼ੀਕਿਊਟਿਵ ਬੋਰਡ ਦੇ ਮੈਂਬਰਾਂ ਨੇ ਆਯੋਜਨ ਕਮੇਟੀ, ਅਧਿਆਪਕਾਂ ਤੇ ਡੈਲੀਗੇਟਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਾਨਫਰੰਸ ਦੀਆਂ 11 ਕਮੇਟੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਐਗਜ਼ੀਕਿਊਟਿਵ ਬੋਰਡ ਦੇ ਮੈਂਬਰਾਂ, ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪੁਰਸਕਾਰ ਜੇਤੂ ਡੈਲੀਗੇਟਸ ਨੂੰ ਸਨਮਾਨਿਤ ਕੀਤਾ। ਮਾਨਵ ਸਹਿਯੋਗ ਸਕੂਲ ਨੂੰ ‘ਬੈਸਟ ਸਕੂਲ ਡੈਲੀਗੇਸ਼ਨ’ ਤੇ ਸੀਟੀ ਪਬਲਿਕ ਸਕੂਲ ਨੂੰ ਸਭ ਤੋਂ ਵੱਧ ਭਾਗੀਦਾਰਾਂ ਵਾਲੇ ਸਕੂਲ ਦਾ ਸਨਮਾਨ ਦਿੱਤਾ ਗਿਆ। ਸਮਾਰੋਹ ਦੇ ਅੰਤ ’ਚ ਸੈਕਟਰੀ ਜਨਰਲ ਤਨਵੀਰ ਸਿੰਘ ਨੇ ਕਾਨਫਰੰਸ ਦੀ ਸਫਲਤਾ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕਰਦਿਆਂ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਾਨਫਰੰਸ ਦੀ ਬੈਟਨ ਪ੍ਰਿੰਸੀਪਲ ਡਾ. ਆਰਐੱਸ ਕੰਗ ਨੂੰ ਸੌਂਪੀ। ਸੁਪਰਵਾਈਜ਼ਰ ਰਾਜ ਕੁਮਾਰ ਨੇ ਧੰਨਵਾਦ ਮਤਾ ਪੇਸ਼ ਕੀਤਾ। ਸਮਾਗਮ ਦੀ ਸਮਾਪਤੀ ਜੋਸ਼ੀਲੇ ਭੰਗੜੇ ਤੇ ਰਾਸ਼ਟਰੀ ਗਾਣ ਨਾਲ ਹੋਈ।