- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਬਰਲਟਨ ਪਾਰਕ ’ਚ ਹੋ ਰਹੇ ਗ੍ਰੈਫਿਟੀ ਦੇ ਕੰਮਾਂ ਦਾ ਲਿਆ ਜਾਇਜ਼ਾ

---ਤਿਆਰੀਆਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀਆਂ
--ਕਮਿਸ਼ਨਰ ਨੇ ਈ ਸੇਵਾ ਬੱਸ ਦੇ ਲੰਮਾ ਪਿੰਡ ਚਾਰਜਿੰਗ ਸਟੇਸ਼ਨ ਤੇ ਡਿਪੂ ਦੇ ਚਲਦੇ ਕੰਮ ਦਾ ਵੀ ਕੀਤਾ ਮੁਆਇਨਾ
---ਕੰਮ ਪੂਰਾ ਹੋਣ ਤੇ ਸ਼ਹਿਰ ’ਚ 97 ਈ ਬੱਸਾਂ ਚੱਲਣਗੀਆਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੰਗਲਵਾਰ ਨੂੰ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬਰਲਟਨ ਪਾਰਕ ’ਚ ਹੋ ਰਹੇ ਗ੍ਰੈਫਿਟੀ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਵੀ ਸਨ। ਇਸ ਦੌਰਾਨ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗ੍ਰੈਫਿਟੀ ਦੇ ਜਿਹੜੇ ਕੰਮ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦ ਮੁਕੰਮਲ ਕੀਤਾ ਜਾਏ ਤੇ ਕੰਮ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ। ਉਨ੍ਹਾਂ ਨੇ ਖ਼ਾਸ ਤੌਰ ’ਤੇ ਏਸ਼ੀਅਨ ਹਾਾਕੀ ਚੈਂਪੀਅਨਜ਼ ਟਰਾਫੀ 2026 ਨੂੰ ਧਿਆਨ ’ਚ ਰੱਖਦਿਆਂ ਗ੍ਰੈਫਿਟੀ ਨੂੰ ਅਕਰਸ਼ਕ, ਸੁੰਦਰ ਤੇ ਖੇਡਾਂ ਦੀ ਭਾਵਨਾ ਨੂੰ ਦਰਸ਼ਾਉਣ ਦਾ ਰੂਪ ਦਿੱਤਾ ਜਾਏ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਖੇਡ ਮੁਕਾਬਲਿਆਂ ਦੌਰਾਨ ਜਲੰਧਰ ’ਚ ਦੇਸ਼-ਵਿਦੇਸ਼ ਤੋਂ ਖਿਡਾਰੀਆਂ ਤੇ ਮਹਿਮਾਨਾਂ ਦੀ ਆਮਦ ਹੋਵੇਗੀ। ਇਸ ਲਈ ਸ਼ਹਿਰ ਦੇ ਸੁੰਦਰੀਕਰਨ ਨੂੰ ਵਧਾਉਣ ਲਈ ਸਾਰੇ ਸੰਬਧਤ ਕੰਮ ਨਿਰਧਾਰਤ ਸਮੇ ਅੰਦਰ ਹੀ ਖਤਮ ਕੀਤੇ ਜਾਣ।
-------------------------
ਸ਼ਹਿਰ ’ਚ ਈ ਬੱਸ ਸੇਵਾ ਲਈ ਬਣ ਰਹੇ 2 ਚਾਰਜਿੰਗ ਡਿਪੂਆਂ ਤੇ 97 ਬੱਸਾਂ ਚੱਲਣਗੀਆ
ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ’ਚ ਸ਼ੁਰੂ ਹੋਣ ਵਾਲੀ ਈ ਬੱਸ ਸੇਵਾ ਦੇ ਦੋ ਚਾਰਜਿੰਗ ਡੀਪੂਆਂ ’ਚੋਂ ਲੰਮਾ ਪਿੰਡ ਚਾਰਜਿੰਗ ਡੀਪੂ ਦਾ ਮੁਆਇਨਾ ਕੀਤਾ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਨਿਰਧਾਰਤ ਸਮੇ ਅੰਦਰ ਹੀ ਪੂਰਾ ਕਰਨ। ਇਸ ਦੌਰਾਨ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸ਼ਹਿਰ ’ਚ ਸ਼ੁਰੂ ਹੋਣ ਵਾਲੀ ਈ ਬੱਸ ਸੇਵਾ ਦੌਰਾਨ 97 ਬੱਸਾਂ ਚਲਾਈਆਂ ਜਾਣਗੀਆਂ ਇਨ੍ਹਾਂ ’ਚ 12 ਮੀਟਰ ਲੰਬਾਈ ਵਾਲੀਆਂ 16 ਸਟੈਂਡਰ ਤੇ 9 ਮੀਟਰ ਲੰਬਾਈ ਵਾਲੀਆਂ 81 ਮਿਨੀ ਬੱਸਾਂ ਸ਼ਾਮਲ ਹਨ। ਬੱਸਾਂ ਦੀ ਪਾਰਕਿੰਗ ਤੇ ਸੰਚਾਲਨ ਲਈ ਦੋ ਡੀਪੂ ਲੰਮਾ ਪਿੰਡ ਚੌਕ ਵਰਕਸ਼ਾਪ ਤੇ ਦੂਜਾ ਸ਼ਾਸਤਰੀ ਮਾਰਕੀਟ ਵਿਖੇ ਨਿਗਮ ਦੀ ਪੁਰਾਣੀ ਵਰਕਸ਼ਾਪ ਵਿਖੇ ਬਣ ਰਿਹਾ ਹੈ। ਲੰਮਾ ਪਿੰਡ ਡੀਪੂ ਤੇ 55 ਤੇ ਸ਼ਾਸਤਰੀ ਮਾਰਕੀਟ ਵਾਲੇ ਡਿਪੂ ਤੇ 42 ਬੱਸਾਂ ਖੜ੍ਹੀਆਂ ਕਰਨ ਦੀ ਸਮਰਥਾ ਹੋਵੇਗੀ।
---------------------------
ਪ੍ਰੋਜੈਕਟਾਂ ਨੂੰ ਤੈਅ ਸਮੇਂ ’ਤੇ ਪੂਰਾ ਕਰਨ ਦੀਆਂ ਹਦਾਇਤਾਂ
ਇਸ ਦੌਰਾਨ ਕਮਿਸ਼ਨਰ ਨੇ ਉਕਤ ਦੋਵਾਂ ਡਿਪੂਆਂ ਦੇ ਸਿਵਲ ਵਰਕ, ਬਿਜਲੀ ਸਬੰਧੀ ਬੁਨਿਆਦੀ ਢਾਂਚੇ ਤੇ ਈ ਬੱਸਾਂ ਦੇ ਸੰਚਾਲਨ ਲਈ ਲੋੜੀਂਦੀਆਂ ਹੋਰ ਸਹੂਲਤਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਕਤ ਦੋਵਾਂ ਡੀਪੂਆਂ ਦੇ ਕੰਮਾਂ ਦੀ ਰਫਤਾਰ ਤੇਜ਼ ਕੀਤੀ ਜਾਏ ਤੇ ਸਾਰੇ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ’ਤੇ ਪੂਰਾ ਕਰਨਾ ਯਕੀਨੀ ਬਣਾਇਆ ਜਾਏ।
-----------------------------
12.98 ਕਰੋੜ ਦਾ ਪ੍ਰਾਜੈਕਟ
ਇਸ ਦੌਰਾਨ ਦੱਸਿਆ ਗਿਆ ਹੈ ਕਿ ਉਕਤ ਪ੍ਰਾਜੈਕਟ ਦੇ ਸਿਵਲ ਤੇ ਬਿਜਲੀ ਸਬੰਧੀ ਵਿਕਾਸ ਕੰਮ ਤੇ ਲਗਪਗ 12.98 ਕਰੋੜ ਰੁਪਏ ਖਰਚ ਹੋਣਗੇ, ਜਿਸ ’ਚ 7.08 ਕਰੋੜ ਰੁਪਏ ਸਿਵਲ ਵਰਕ ਤੇ 5.90 ਕਰੋੜ ਰੁਪਏ ਬਿਜਲੀ ਸਬੰਧੀ ਕੰਮ ’ਤੇ ਖਰਚ ਕੀਤੇ ਜਾਣਗੇ ਕਿਉਂਕਿ ਈ ਬੱਸਾਂ ਦੀ ਚਾਰਜਿੰਗ ਲਈ ਬਿਜਲੀ ਦੇ ਚਾਰਜਿੰਗ ਸਟੇਸ਼ਨ ਬਨਾਏ ਜਾਣੇ ਹਨ। ਪ੍ਰਗਤੀ ਰਿਪੋਰਟ ਅਨੁਸਾਰ ਲੰਮਾ ਪਿੰਡ ਡਿਪੂ ਵਿਖੇ ਸਿਵਲ ਕੰਮ ਲਗਭਗ 13 ਫ਼ੀਸਦੀ ਮੁਕੰਮਲ ਹੋ ਚੁੱਕੇ ਹਨ, ਜਦਕਿ ਨਗਰ ਨਿਗਮ ਦੇ ਸੈਂਟਰਲ ਟਾਊਨ ਡਿਪੂ ਵਿਖੇ ਇਹ ਪ੍ਰਗਤੀ ਲਗਭਗ 49 ਫ਼ੀਸਦੀ ਹੈ। ਕਮਿਸ਼ਨਰ ਨੇ ਕੰਮਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮਾਂ ਦੌਰਾਨ ਆਉਣ ਵਾਲੀਆਂ ਰੁਕਾਵਟਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਤੇ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਇਆ ਜਾਵੇ।
------------------------
ਬੱਸ ਰੂਟ ਸਬੰਧੀ ਸਾਂਝੀ ਕੀਤੀ ਜਾਣਕਾਰੀ
ਇਸ ਤੋਂ ਇਲਾਵਾ, ਸ਼ਹਿਰ ’ਚ ਪ੍ਰਸਤਾਵਿਤ ਈ-ਬੱਸ ਰੂਟਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਨ੍ਹਾਂ ਰੂਟਾਂ ਰਾਹੀਂ ਸ਼ਹਿਰ ਦੇ ਮੁੱਖ ਇਲਾਕਿਆਂ ਨੂੰ ਜੋੜਿਆ ਜਾਵੇਗਾ, ਜਿਨ੍ਹਾਂ ’ਚ ਆਊਟਰ ਰਿੰਗ ਰੋਡ, ਇਨਰ ਰਿੰਗ ਰੋਡ, ਬੱਸ ਸਟੈਂਡ ਤੋਂ ਐੱਲਪੀਯੂ, ਕਿਸ਼ਨਗੜ੍ਹ ਤੋਂ ਲਾਂਬੜਾ, ਬਿਧੀਪੁਰ ਤੋਂ ਜੰਡੂ ਸਿੰਘਾ, ਕਰਤਾਰਪੁਰ ਤੋਂ ਸੀਟੀ ਇੰਸਟੀਚਿਊਟ, ਵਰਿਆਣਾ ਤੋਂ ਹਵੇਲੀ ਤੇ ਸੋਲਜਰ ਕਾਲਜ ਤੋਂ ਜਮਸ਼ੇਰ ਆਦਿ ਸ਼ਾਮਲ ਹਨ। ਪ੍ਰਸਤਾਵਿਤ ਰੂਟ ਨੈੱਟਵਰਕ ਦੀ ਕੁੱਲ ਲੰਬਾਈ ਲਗਭਗ 146 ਕਿੱਲੋਮੀਟਰ ਹੈ।