ਆਲੂ ਉਤਪਾਦਕਾਂ ਦੀ ਬਾਂਹ ਫੜਨ ਲਈ ਸਰਕਾਰ ਠੋਸ ਕਦਮ ਚੁੱਕੇ : ਟੁਰਨਾ ਆਲੂ ਉਤਪਾਦਕ ਕਿਸਾਨਾਂ ਦੀ ਬਾਂਹ ਫੜਨ ਲਈ ਕੇਂਦਰ ਤੇ ਪੰਜਾਬ ਸਰਕਾਰ ਠੋਸ ਕਦਮ ਚੁੱਕੇ: ਟੁਰਨਾ
Publish Date: Sun, 11 Oct 2026 07:31 PM (IST)
Updated Date: Mon, 12 Oct 2026 04:06 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਵਾਰ ਭਾਰੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਤੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਆਲੂ ਉਤਪਾਦਕ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦਿਨ-ਰਾਤ ਮਿਹਨਤ ਕਰ ਕੇ, ਮਹਿੰਗੀਆਂ ਖਾਦਾਂ, ਸਪਰੇਆਂ, ਬੀਜਾਂ, ਡੀਜ਼ਲ ਤੇ ਹੋਰ ਖੇਤੀ ਲਾਗਤਾਂ ’ਤੇ ਵੱਡੀ ਰਕਮ ਖ਼ਰਚ ਕਰ ਕੇ ਆਪਣੀ ਫ਼ਸਲ ਤਿਆਰ ਕੀਤੀ ਹੈ ਪਰ ਹੁਣ ਜਦੋਂ ਫ਼ਸਲ ਵੇਚਣ ਦਾ ਸਮਾਂ ਆਇਆ ਹੈ ਤਾਂ ਉਨ੍ਹਾਂ ਨੂੰ ਆਲੂਆਂ ਦੇ ਉੱਚਿਤ ਭਾਅ ਨਹੀਂ ਮਿਲ ਰਹੇ। ਟੁਰਨਾ ਨੇ ਕਿਹਾ ਕਿ ਕਈ ਕਿਸਾਨ ਖੇਤੀ ਲਈ ਇਸ ਉਮੀਦ ਨਾਲ ਕਰਜ਼ਾ ਲੈਂਦੇ ਹਨ ਕਿ ਫ਼ਸਲ ਵਿਕਣ ਤੋਂ ਬਾਅਦ ਉਹ ਆਪਣੇ ਖ਼ਰਚੇ ਪੂਰੇ ਕਰ ਕੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰ ਸਕਣਗੇ ਅਤੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨਗੇ ਪਰ ਜਦੋਂ ਉਤਪਾਦਨ ਦੀ ਲਾਗਤ ਦੇ ਮੁਕਾਬਲੇ ਫ਼ਸਲ ਦਾ ਭਾਅ ਬਹੁਤ ਘੱਟ ਮਿਲਦਾ ਹੈ ਤਾਂ ਕਿਸਾਨ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਅਜਿਹੇ ਹਾਲਾਤ ’ਚ ਘਰ ਦਾ ਖ਼ਰਚਾ ਚਲਾਉਣਾ, ਬੱਚਿਆਂ ਦੀ ਪੜ੍ਹਾਈ ਤੇ ਅਗਲੀ ਫ਼ਸਲ ਦੀ ਤਿਆਰੀ ਕਰਨੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਉਤਪਾਦਨ ਲਾਗਤ ਅਤੇ ਮੰਡੀ ਵਿੱਚ ਮਿਲ ਰਹੇ ਭਾਅ ਦੇ ਵੱਡੇ ਫ਼ਰਕ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਲੂ ਉਤਪਾਦਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਵਿਸ਼ੇਸ਼ ਆਰਥਿਕ ਰਾਹਤ ਦਿੱਤੀ ਜਾਵੇ। ਕਿਸਾਨਾਂ ਨੂੰ ਫ਼ਸਲ ਦੀ ਸਟੋਰੇਜ, ਢੋਆ-ਢੁਆਈ ਤੇ ਮੰਡੀਕਰਨ ’ਚ ਸਹਾਇਤਾ ਮੁਹੱਈਆ ਕਰਵਾਈ ਜਾਵੇ। ਭਵਿੱਖ ਵਿਚ ਅਜਿਹੇ ਸੰਕਟਾਂ ਤੋਂ ਬਚਣ ਲਈ ਖੇਤੀ ਮਾਹਿਰਾਂ ਤੇ ਆੜ੍ਹਤੀਆਂ ਨਾਲ ਸਲਾਹ ਕਰ ਕੇ ਲੰਬੇ ਸਮੇਂ ਦੀ ਨੀਤੀ ਬਣਾਈ ਜਾਵੇ, ਜਿਸ ਨਾਲ ਪ੍ਰੋਸੈਸਿੰਗ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕਿਸਾਨ ਸਿੱਧੇ ਬਾਜ਼ਾਰਾਂ ਨਾਲ ਜੁੜ ਸਕਣ। ਰਵਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਕਿਸਾਨ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ, ਉਨ੍ਹਾਂ ਨੂੰ ਇਸ ਮੰਦੀ ਦੇ ਦੌਰ ’ਚ ਇਕੱਲਿਆਂ ਨਹੀਂ ਛੱਡਿਆ ਜਾਣਾ ਚਾਹੀਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜ਼ਮੀਨੀ ਪੱਧਰ ’ਤੇ ਠੋਸ ਕਦਮ ਉਠਾਉਣ, ਤਾਂ ਜੋ ਕਿਸਾਨਾਂ ਦੀ ਮਿਹਨਤ ਨੂੰ ਸਹੀ ਮੁੱਲ ਮਿਲ ਸਕੇ ਅਤੇ ਖੇਤੀ ਦਾ ਧੰਦਾ ਮੁੜ ਲਾਹੇਵੰਦ ਬਣ ਸਕੇ।