ਕਈ ਦਿਨਾਂ ਤੋਂ ਸਰਕਾਰੀ ਕੰਮਕਾਜ ਠੱਪ, 21 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਵੱਡਾ ਧਰਨਾ ਕਈ ਦਿਨਾਂ ਤੋਂ ਸਰਕਾਰੀ ਕੰਮਕਾਜ ਠੱਪ, 21 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਵੱਡਾ ਧਰਨਾ
Publish Date: Thu, 20 Aug 2026 10:23 PM (IST)
Updated Date: Thu, 20 Aug 2026 10:24 PM (IST)
-ਡੀਸੀ ਕੰਪਲੈਕਸ ਦੇ ਸਮੂਹ ਦਫਤਰਾਂ ‘ਚ ਦਿਸਿਆ ਹੜਤਾਲ ਦਾ ਅਸਰ -ਵਿੱਤ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਐਲਾਨ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦਾ ਜਲੰਧਰ ’ਚ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਕਈ ਸਰਕਾਰੀ ਵਿਭਾਗਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਦੇ ਨਾਲ-ਨਾਲ ਡਰਾਈਵਿੰਗ ਟੈਸਟ ਟਰੈਕ ਵੀ ਬੰਦ ਰਿਹਾ, ਜਿਸ ਕਾਰਨ ਡਰਾਈਵਿੰਗ ਲਾਇਸੈਂਸ ਬਣਵਾਉਣ ਤੇ ਟੈਸਟ ਦੇਣ ਲਈ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮ ਜਥੇਬੰਦੀਆਂ ਵੱਲੋਂ ਹੁਣ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਜਲੰਧਰ ਦੇ ਸਮੂਹ ਵਿਭਾਗਾਂ ਦੇ ਆਗੂਆਂ ਤੇ ਕਰਮਚਾਰੀਆਂ ਨੂੰ 21 ਅਗਸਤ ਨੂੰ ਸਵੇਰੇ 10 ਵਜੇ ਡੀਸੀ ਦਫ਼ਤਰ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਧਰਨੇ ’ਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀਆਂ ਵੱਲੋਂ ਜਾਰੀ ਕੀਤੀ ਅਪੀਲ ’ਚ ਕਿਹਾ ਗਿਆ ਹੈ ਕਿ ਸਮੂਹ ਵਿਭਾਗਾਂ ਦੇ ਕਰਮਚਾਰੀ 21 ਅਗਸਤ ਨੂੰ ਦਫ਼ਤਰਾਂ ’ਚ ਰਹਿਣ ਦੀ ਬਜਾਏ ਧਰਨੇ ’ਚ ਸ਼ਾਮਲ ਹੋਣ। ------------------------- ਡੀਏ ਦੇ ਮੁੱਦੇ ’ਤੇ ਸਰਕਾਰ ਖ਼ਿਲਾਫ਼ ਰੋਸ ਮੁਲਾਜ਼ਮਾਂ ਦਾ ਮੁੱਖ ਰੋਸ ਡੀਏ ਦੇ ਮਾਮਲੇ ਨੂੰ ਲੈ ਕੇ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਹਾਈਕੋਰਟ ਵੱਲੋਂ ਡੀਏ ਸਬੰਧੀ ਸੁਣਾਏ ਗਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਵਿੱਤ ਵਿਭਾਗ ਵੱਲੋਂ 17 ਅਗਸਤ 2026 ਨੂੰ ਡੀਏ ਜਾਰੀ ਨਾ ਕਰਨ ਸਬੰਧੀ ਜਾਰੀ ਕੀਤੇ ਪੱਤਰ ਨੂੰ ਲੈ ਕੇ ਵੀ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 21 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਧਰਨੇ ਤੋਂ ਬਾਅਦ ਵਿੱਤ ਵਿਭਾਗ ਦੇ ਇਸ ਪੱਤਰ ਦੀਆਂ ਕਾਪੀਆਂ ਡੀਸੀ ਦਫ਼ਤਰ ਦੇ ਬਾਹਰ ਸਾੜ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾਵੇਗਾ। ------------------------ ਪਟਵਾਰੀਆਂ ਦੀ ਹੜਤਾਲ ਨੇ ਵੀ ਕੀਤਾ ਤੰਗ ਇਸ ਦੇ ਨਾਲ ਹੀ ਪਟਵਾਰੀਆਂ ਦੀ ਹੜਤਾਲ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜ਼ਮੀਨੀ ਰਿਕਾਰਡ, ਇੰਤਕਾਲ ਤੇ ਹੋਰ ਰੋਜ਼ਾਨਾ ਦੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਲੋਕਾਂ ਨੂੰ ਵਾਰ-ਵਾਰ ਵਾਪਸ ਮੁੜਨਾ ਪੈ ਰਿਹਾ ਹੈ। ਇਸ ਕਾਰਨ ਆਮ ਜਨਤਾ ਨੂੰ ਦੋਹਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। --------------------------- ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਟਕਰਾਅ ਵਧਿਆ ਇਕ ਪਾਸੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 21 ਅਗਸਤ ਦੇ ਡੀਸੀ ਦਫ਼ਤਰ ਅੱਗੇ ਹੋਣ ਵਾਲੇ ਧਰਨੇ ’ਤੇ ਟਿਕੀਆਂ ਹਨ।