- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਾ ’ਚ ਹਾਕੀ ਖਿਡਾਰੀ ਦਲਿਤ ਵਿਦਿਆਰਥੀ ਦੀ ਪੁਲਿਸ ਤਸ਼ੱਦਦ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੀਰਾ ’ਚ ਇਕ ਹੋਣਹਾਰ ਦਲਿਤ ਸਕੂਲੀ ਵਿਦਿਆਰਥੀ ਤੇ ਹਾਕੀ ਖਿਡਾਰੀ ਜਸ਼ਨਦੀਪ ਦੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਾਰਨ ਹੋਈ ਮੌਤ ’ਤੇ ਭਾਜਪਾ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਸ਼ੀਤਲ ਅੰਗੁਰਾਲ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਪੰਜਾਬ ਨੇ ਇਸ ਘਟਨਾ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਇਆ ਸ਼ਰਮਨਾਕ ਕਤਲ ਕਰਾਰ ਦਿੰਦਿਆਂ ਦੋਸ਼ੀ ਐੱਸਐੱਚਓ ਗੁਰਮੀਤ ਸਿੰਘ ਖ਼ਿਲਾਫ਼ ਕਤਲ (ਧਾਰਾ 103 ਬੀਐੱਨਐੱਸ) ਤੇ ਐੱਸਸੀ/ਐੱਸਟੀ ਐਕਟ ਤਹਿਤ ਤੁਰੰਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
----------------------------
ਘਰੋਂ ਚੁੱਕ ਕੇ ਥਾਣੇ ’ਚ ਅੰਨ੍ਹਾ ਤਸ਼ੱਦਦ, ਹਸਪਤਾਲ ’ਚ ਤੋੜਿਆ ਦਮ
ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਸ਼ਨਦੀਪ ਇਕ 12ਵੀਂ ਦਾ ਵਿਦਿਆਰਥੀ ਤੇ ਹਾਕੀ ਦਾ ਖਿਡਾਰੀ ਸੀ। ਐੱਸਐੱਚਓ ਗੁਰਮੀਤ ਸਿੰਘ ਨੇ ਉਸ ਨੂੰ ਬਿਨਾਂ ਕਿਸੇ ਕਸੂਰ ਦੇ ਘਰੋਂ ਚੁੱਕਿਆ ਤੇ ਥਾਣੇ ਲਿਜਾ ਕੇ ਦੋ ਦਿਨ ਤੇ ਇਕ ਰਾਤ ਅੰਨ੍ਹਾ ਤਸ਼ੱਦਦ ਢਾਹਿਆ। ਨੌਜਵਾਨ ਤੋਂ ਜ਼ਬਰਦਸਤੀ 100 ਡੰਡ-ਬੈਠਕਾਂ ਕਢਵਾਈਆਂ ਗਈਆਂ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਤਸ਼ੱਦਦ ਦੌਰਾਨ ਮੂੰਹ ’ਚ ਪਾਇਆ ਗਿਆ ਪਦਾਰਥ ਫੇਫੜਿਆਂ ’ਚ ਜਾਣ ਕਾਰਨ ਉਸ ਨੂੰ ਗੰਭੀਰ ਇਨਫੈਕਸ਼ਨ ਹੋ ਗਈ। ਪਰਿਵਾਰ ਅਨੁਸਾਰ ਥਾਣੇਦਾਰ ਨੇ ਬਰਾਮਦ ਕੀਤਾ ਨਸ਼ਾ ਉਸ ਨਿਰਦੋਸ਼ ਮੁੰਡੇ ਦੇ ਸਿਰ ਮੜ੍ਹਨ ਦੀਆਂ ਧਮਕੀਆਂ ਵੀ ਦਿੱਤੀਆਂ। ਨੌਜਵਾਨ ਨੂੰ ਛੁਡਵਾਉਣ ਗਈਆਂ ਘਰ ਦੀਆਂ ਔਰਤਾਂ ਨਾਲ ਵੱਲੋਂ ਬਦਸਲੂਕੀ ਕੀਤੀ ਗਈ। ਜਦੋਂ ਪਰਿਵਾਰ ਉਸ ਨੂੰ ਛੁਡਵਾ ਕੇ ਲਿਆਇਆ ਤਾਂ ਉਹ ਲਗਾਤਾਰ ਉਲਟੀਆਂ ਕਰ ਰਿਹਾ ਸੀ ਤੇ ਹਸਪਤਾਲ ਦਾਖ਼ਲ ਕਰਵਾਏ ਜਾਣ ਦੇ ਮਹਿਜ਼ ਦੋ ਦਿਨਾਂ ਅੰਦਰ ਹੀ ਉਸ ਦੀ ਮੌਤ ਹੋ ਗਈ।
-------------------------------
ਦਾਗ਼ੀ ਅਫ਼ਸਰ ਨੂੰ ਕਿਸ ਦੀ ਸਰਪ੍ਰਸਤੀ: ਭਾਜਪਾ
ਸ਼ੀਤਲ ਅੰਗੁਰਾਲ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਪੰਜਾਬ ਨੇ ਕਿਹਾ ਕਿ ਐੱਸਐੱਚਓ ਗੁਰਮੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਨੌਜਵਾਨਾਂ ਦੇ ਕੰਨਾਂ ਦੇ ਪੜਦੇ ਪਾੜਨ, ਫੇਫੜਿਆਂ ’ਚ ਪਾਣੀ ਭਰਨ ਤੇ ਰੀੜ੍ਹ ਦੀ ਹੱਡੀ ਤੋੜ ਕੇ ਅਪੰਗ ਬਣਾਉਣ ਦੇ ਸੰਗੀਨ ਇਲਜ਼ਾਮ ਲੱਗਦੇ ਰਹੇ ਹਨ। ਇਹ ਅਧਿਕਾਰੀ ਸ਼ਰੇਆਮ ਹੰਕਾਰ ਨਾਲ ਕਹਿੰਦਾ ਸੀ ਕਿ ਮੇਰੇ ’ਚ ਭੈਰੋਂ ਆਉਂਦਾ ਹੈ ਤੇ ਜਦੋਂ ਆਉਂਦਾ ਹੈ ਪਤਾ ਨਹੀਂ ਲੱਗਦਾ ਕਿ ਕਿੰਨਾ ਕੁੱਟਦਾ ਹਾਂ ਤੇ ਮੈਂ ਕੁੱਟਦਾ ਵੀ ਹਾਂ, ਪੈਸੇ ਵੀ ਲੈਂਦਾ ਹਾਂ ਤੇ ਪਰਚਾ ਵੀ ਪਾਉਂਦਾ ਹਾਂ। ਉਨ੍ਹਾਂ ਨੇ ਸਵਾਲ ਕੀਤਾ ਅਜਿਹੇ ਜ਼ਾਲਮ ਥਾਣੇਦਾਰ ਨੂੰ ਕਿਸ ਦੀ ਸ਼ਹਿ ’ਤੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਸਨ? ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦੋਸ਼ੀ ਥਾਣੇਦਾਰ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਭਾਜਪਾ ਪੂਰੇ ਜ਼ਿਲ੍ਹੇ ’ਚ ਸੰਘਰਸ਼ ਵਿੱਢੇਗੀ।