
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਹਸਪਤਾਲਾਂ ’ਚ ਮੌਜੂਦ ਇਲਾਜ ਬਾਰੇ ਡਿਸਪਲੇਅ ਬੋਰਡ ਲਗਾਉਣ ਨੂੰ ਯਕੀਨੀ ਬਣਾਇਆ ਜਾਵੇ-ਮੋਹਿੰਦਰ ਭਗਤ

-ਸੂਚੀਬੱਧ ਹਸਪਤਾਲਾਂ ’ਚ ਮੌਜੂਦ ਇਲਾਜ ਬਾਰੇ ਬੋਰਡ ਲਾਉਣ ਨੂੰ ਯਕੀਨੀ ਬਣਾਉਣ ਕਿਹਾ
ਪੱਤਰ ਪ੍ਰੇਰਕ, ਪੰਜਬੀ ਜਾਗਰਣ, ਜਲੰਧਰ,
ਜਲੰਧਰ ਸਿਵਲ ਹਸਪਤਾਲ ’ਚ ਆਉਣ ਵਾਲੇ ਦਿਨਾਂ ’ਚ ਨਵੀਂ ਤਬਦੀਲੀ ਦੇਖਣ ਨੂੰ ਮਿਲੇਗੀ, ਕਿਉਂਕਿ ਪੰਜਾਬ ਦੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਦੀ ਅਗਵਾਈ ਵਾਲੀ ਰੋਗੀ ਕਲਿਆਣ ਸਮਿਤੀ ਵੱਲੋਂ ਮਰੀਜ਼ਾਂ ਲਈ ਸਿਹਤ ਸੰਭਾਲ ਦੀਆਂ ਸਹੂਲਤਾਂ ’ਚ ਹੋਰ ਸੁਧਾਰ ਲਈ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਿਹਤ ਸੰਭਾਲ ਦੇ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਪਹਿਲੀ ਤਰਜੀਹ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਹਸਪਤਾਲ ਤੇ ਇਨ੍ਹਾਂ ’ਚ ਉਪਲਬੱਧ ਇਲਾਜ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ। ਜਾਗਰੂਕਤਾ ਸਦਕਾ ਹੀ ਲੋਕ ਵਿਸ਼ੇਸ਼ ਇਲਾਜ ਲਈ ਇਹਨਾਂ ਹਸਪਤਾਲਾਂ ਤੱਕ ਪਹੁੰਚ ਕਰਕੇ 10 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਉਠਾ ਸਕਣਗੇ। ਸੂਚੀਬੱਧ ਹਸਪਤਾਲਾਂ ਨੂੰ ਵੀ ਹਦਾਇਤ ਕੀਤੀ ਕਿ ਇਸ ਸਕੀਮ ਤਹਿਤ ਉਪਲਬੱਧ ਇਲਾਜ ਬਾਰੇ ਸੂਚਨਾ ਬੋਰਡ ਲਗਾਏ ਜਾਣ। ਮੀਟਿੰਗ ਦੌਰਾਨ ਜਲੰਧਰ ਸਿਵਲ ਹਸਪਤਾਲ ਨਾਲ ਸਬੰਧਤ ਕਈ ਤਜਵੀਜ਼ਾਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪ੍ਰਵਾਨ ਕੀਤੀਆਂ ਗਈਆ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਪੀਚ ਥੈਰੇਪੀ ਲਈ ਆਡੀਓਮੈਟਰੀ ਰੂਮ ਤਿਆਰ ਕਰਨ ਲਈ ਵਿਸਥਾਰਤ ਅਨੁਮਾਨ ਤਿਆਰ ਕੀਤਾ ਜਾਵੇ। ਇਸ ਮੌਕੇ ਮਰੀਜ਼ਾਂ ਨੂੰ ਘੱਟ ਕੀਮਤ ’ਤੇ ਦਵਾਈਆਂ ਉਪਲਬੱਧ ਕਰਵਾਉਣ ਲਈ ਜਨ ਔਸ਼ਧੀ ਸੈਂਟਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ। ਇਸ ਮੌਕੇ ਨਵੇਂ ਸਿਖਲਾਈ ਹਾਲ, ਭੀੜੇ ਇਲਾਕਿਆਂ ’ਚ ਜਾਣ ਲਈ ਮੋਬਾਈਲ ਐਂਬੂਲੈਂਸ, ਵੇਟਿੰਗ ਹਾਲ ਦੀ ਮੁਰੰਮਤ, ਬੱਚਿਆਂ ਦੀ ਵਾਰਡ ’ਚ ਬੱਚਿਆਂ ਲਈ ਖੇਡ ਖੇਤਰ ਤੇ ਮੈਟਰਨਿਟੀ ਵਾਰਡ ’ਚ ਮਾਵਾਂ ਵੱਲੋਂ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਮਰਾ ਤਿਆਰ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਵੱਲੋਂ ਸੀਵਰੇਜ ਪਾਈਪ ਲਾਈਨ ਵਿਛਾਉਣ ਤੇ ਵਾਸ਼ਰੂਮ ਦੀ ਮੁਰੰਮਤ ਆਦਿ ਦੇ ਚੱਲ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ, ਸਿਵਲ ਸਰਜਨ ਡਾ. ਰਾਜੇਸ਼ ਗਰਗ ਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਮੀਟਿੰਗ ’ਚ ਹਾਜ਼ਰ ਸਨ।