- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਸਰਕਾਰ: ਹਲਕਾ ਇੰਚਾਰਜ ਪਾਲਾ ਜਲਾਲਪੁਰੀਆ

-ਪੁਲਿਸ ਨੇ 550 ਤਸਕਰ ਜੇਲ੍ਹ ਭੇਜੇ, 635 ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਕਰਵਾਇਆ ਦਾਖ਼ਲ : ਡੀਐੱਸਪੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 550 ਦਿਨ ਪੂਰੇ ਹੋਣ ਤੇ ਨਸ਼ਾ ਮੁਕਤੀ ਮੋਰਚੇ ਦੇ ਕੁਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਬ-ਡਵੀਜ਼ਨ ਪੱਧਰ ਦਾ ਸਮਾਗਮ ਸਥਾਨਕ ਰਿਜ਼ੋਰਟ ’ਚ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰੀਆ, ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ, ਐੱਸਡੀਐੱਮ ਸ਼ਾਹਕੋਟ ਆਦਿਤਿਆ ਗੁਪਤਾ, ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਤੇ ਜ਼ਿਲ੍ਹਾ ਪ੍ਰਧਾਨ ਅਜੇ ਭੀਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ ਨੇ ਸਾਰਿਆਂ ਨੂੰ ਜੀ ਆਇਆ ਆਖਿਆ।
---
ਸਰਕਾਰ ਬਣਾ ਰਹੀ ਹੈ 3 ਹਜ਼ਾਰ ਖੇਡ ਮੈਦਾਨ : ਜਲਾਲਪੁਰੀ
ਇਕੱਠ ਨੂੰ ਸੰਬੋਧਨ ਕਰਦਿਆਂ ਨਵੇਂ ਬਣੇ 'ਆਪ' ਹਲਕਾ ਇੰਚਾਰਜ ਪਾਲਾ ਜਲਾਲਪੁਰੀਆ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਖੇਡਾਂ ਦਾ ਬਜਟ ਬਹੁਤ ਘੱਟ ਹੁੰਦਾ ਸੀ, ਜਦਕਿ ਮੌਜੂਦਾ ਸਰਕਾਰ ਵੱਲੋਂ ਖੇਡਾਂ ਲਈ 1790 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਰਕਾਰ ਵੱਲੋਂ ਜ਼ਮੀਨੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਭਰ ਵਿੱਚ 3 ਹਜ਼ਾਰ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।
---
ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ : ਡੀਐੱਸਪੀ ਬੱਲ
ਸਰਵਣ ਸਿੰਘ ਬੱਲ ਡੀਐੱਸਪੀ. ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੱਲੋਂ ਮਾਰਚ 2025 ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਸਬ-ਡਵੀਜ਼ਨ ਸ਼ਾਹਕੋਟ ਵਿੱਚ ਇਸ ਸਾਲ ਦੌਰਾਨ ਨਸ਼ਾ ਵਿਰੋਧੀ ਮੁਹਿੰਮ ਤਹਿਤ 410 ਮੁਕੱਦਮੇ ਦਰਜ ਕਰਕੇ 550 ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਨਸ਼ੇ ਦੇ ਜਾਲ ਵਿੱਚ ਫਸੇ 635 ਵਿਅਕਤੀਆਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਸ਼ੁਰੂ ਕਰਵਾਇਆ ਗਿਆ ਹੈ ਅਤੇ 935 ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਲੋੜੀਂਦੀ ਦਵਾਈ ਮੁਹੱਈਆ ਕਰਵਾਈ ਗਈ ਹੈ।
---
ਨਸ਼ਾ ਮੁਕਤ ਪੰਜਾਬ ਲਈ ਲੋਕਾਂ ਦਾ ਸਾਥ ਜ਼ਰੂਰੀ : ਐੱਸਡੀਐੱਮ
ਆਦਿਤਿਆ ਗੁਪਤਾ ਐੱਸਡੀਐੱਮ ਸਾ਼ਾਹਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੀਡੀਸੀ ਅਤੇ ਡਬਲਯੂ ਡੀਸੀ ਮੈਂਬਰਾਂ ਵੱਲੋਂ ਪਿੰਡਾਂ 'ਚ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ।
ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪੀੜਤ ਨਸ਼ਾ ਛੱਡਣ ਲਈ ਕੇਂਦਰ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਜੇ ਭੀਲ ਨੇ ਕਿਹਾ ਕਿ 25 ਸਤੰਬਰ ਤੋਂ ਇਕ ਮਹੀਨੇ ਤੱਕ ਹਲਕੇ ਦੇ ਸਾਰੇ ਵੀ.ਡੀ.ਸੀ. ਮੈਂਬਰ ਪਿੰਡਾਂ ’ਚ ਜਾ ਕੇ ਲੋਕਾਂ ਨਾਲ ਬੈਠਕਾਂ ਕਰਨਗੇ ਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ। ਇਸ ਮੌਕੇ ਐੱਸਐੱਮਓ ਸ਼ਾਹਕੋਟ ਡਾ. ਦੀਪਕ ਚੰਦਰ, ਐੱਸਐੱਚਓ. ਸ਼ਾਹਕੋਟ ਸੁਖਵਿੰਦਰ ਪਾਲ, ਡਾ. ਧੀਰਜ ਏਐੱਮਓ., ਪ੍ਰਵੀਨ ਗਰੋਵਰ ਐਮਸੀ, ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਅਗਰਵਾਲ, ਪਰਬਤਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ, ਸਵਿੰਦਰ ਸਿੰਘ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ,ਅਮਨਦੀਪ ਸਿੰਘ ਸਹੋਤਾ ਸਰਪੰਚ ਮਾਣਕਪੁਰ, ਨਿਰਮਲ ਸਿੰਘ ਸਰਾਭਾ ਸ਼ਹਿਰੀ ਪ੍ਰਧਾਨ, ਕੁਲਦੀਪ ਸਿੰਘ ਦੀਦ, ਮੁਖਤਿਆਰ ਸਿੰਘ ਰੀਡਰ, ਕੁਲਦੀਪ ਸਿੰਘ ਮਿਗਲਾਨੀ, ਰਣਜੀਤ ਸਿੰਘ ਰਾਣਾ ਸਰਪੰਚ, ਬਲਜਿੰਦਰ ਸਿੰਘ ਖਿੰਡਾ, ਸਾਧੂ ਸਿੰਘ ਹੁੰਦਲ, ਬਲਵਿੰਦਰ ਸਿੰਘ ਲੋਹੀਆਂ ਵਾਈਸ ਪ੍ਰਧਾਨ, ਮਨੋਜ ਅਰੋੜਾ, ਨਿਰਮਲ ਸਿੰਘ ਸੇਵਾਮੁਕਤ ਐੱਸਆਈ., ਬਾਬਾ ਗੋਰਾ, ਕੁਲਵੰਤ ਸਿੰਘ ਪੱਡਾ, ਸਰਪੰਚ ਦਲਬੀਰ ਸਿੰਘ, ਪੰਮਾ ਹਾਲੈਂਡ, ਅਨੂਪ ਸਿੰਘ, ਅਮਰਜੀਤ ਸਿੰਘ, ਕੈਪਟਨ ਦਵਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਜਸ਼ਨਦੀਪ ਸਿੰਘ, ਬਲਜਿੰਦਰ ਕੌਰ, ਬਲਕਾਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।