- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਜੇ ਸੂਬਿਆਂ ਦੀਆਂ ਬੱਸਾਂ ਨਾਲ ਤੀਰਥ ਯਾਤਰਾ ਕਰਵਾ ਕੇ ਨਿੱਜੀ ਫ਼ਰਮ ਨੂੰ ਮਾਲਾਮਾਲ ਕਰ ਰਹੀ ਸਰਕਾਰ : ਰਾਣਾ

---ਰੈਲੀਆਂ ਲਈ ਸਰਕਾਰੀ ਬੱਸਾਂ ਤੇ ਕਮਾਈ ਵੇਲੇ ਨਿੱਜੀ ਕੰਪਨੀਆਂ ’ਤੇ ਮਿਹਰਬਾਨੀ ਸਬੰਧੀ ‘ਆਪ’ ‘ਤੇ ਚੁੱਕੇ ਸਵਾਲ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਅਧੀਨ ਸਰਕਾਰੀ ਖ਼ਜ਼ਾਨੇ ਵਿੱਚੋਂ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਤੇ ਯੋਜਨਾ ਦੇ ਮੁਕੰਮਲ ਕਾਰਪੋਰੇਟੀਕਰਨ ਦਾ ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦਾ ਇਕ ਅਧਿਕਾਰਤ ਸਰਕਾਰੀ ਦਸਤਾਵੇਜ਼ ਨਸ਼ਰ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਸ਼ਰਧਾ ਦੇ ਨਾਂ ’ਤੇ ਟੈਕਸਦਾਤਿਆਂ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਬਾਹਰੀ ਸੂਬਿਆਂ ਦੀਆਂ ਨਿੱਜੀ ਬੱਸਾਂ ਤੇ ਪ੍ਰਾਈਵੇਟ ਈਵੈਂਟ ਫਰਮਾਂ ਦੀਆਂ ਜੇਬਾਂ ’ਚ ਪਾਇਆ ਜਾ ਰਿਹਾ ਹੈ।
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਦਫ਼ਤਰ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਈਆਰਓ ਸ਼ਾਹਕੋਟ ਨੂੰ ਜਾਰੀ ਪੱਤਰ ਜਨਤਕ ਕਰਦਿਆਂ ਦੱਸਿਆ ਕਿ ‘ਵਿਜ਼ਾਰਡ ਈਵੈਂਟਸ ਐਂਡ ਕਾਨਫਰੰਸਿਜ਼ ਪ੍ਰਾਈਵੇਟ ਲਿਮਟਿਡ’ ਨਾਂ ਦੀ ਇੱਕ ਨਿੱਜੀ ਕੰਪਨੀ ਵੱਲੋਂ ਸ਼ਾਹਕੋਟ ਹਲਕੇ ਦੇ ਸ਼ਰਧਾਲੂਆਂ ਨੂੰ ਲਿਜਾਣ ਬਦਲੇ ਸਿਰਫ਼ ਦੋ ਗੇੜਿਆਂ ਦੇ ਹੀ 4 ਲੱਖ 27 ਹਜ਼ਾਰ ਰੁਪਏ ਤੋਂ ਵੱਧ ਦੇ ਬਿੱਲ ਪ੍ਰਸ਼ਾਸਨ ਨੂੰ ਭੇਜੇ ਗਏ ਹਨ। 18 ਤੋਂ 21 ਸਤੰਬਰ ਤਕ ਸ਼ਾਹਕੋਟ ਤੋਂ ਸਾਲਾਸਰ ਬਾਲਾਜੀ ਤੇ ਖਾਟੂ ਸ਼ਿਆਮ ਦੀ ਫੇਰੀ ਦੌਰਾਨ 33 ਸ਼ਰਧਾਲੂਆਂ ਨੂੰ ਲਿਜਾਣ ਬਦਲੇ ਕੰਪਨੀ ਵੱਲੋਂ 2,08,559 ਰੁਪਏ ਦਾ ਬਿੱਲ ਪੇਸ਼ ਕੀਤਾ ਗਿਆ ਹੈ। ਹੈਰਾਨੀਜਨਕ ਤੌਰ ‘ਤੇ ਇਸ ਯਾਤਰਾ ਲਈ ਅਰੁਣਾਚਲ ਪ੍ਰਦੇਸ਼ ਦੇ ਨੰਬਰ (ਏਆਰ-06-ਡੀ-3300) ਵਾਲੀ ਬੱਸ ਦੀ ਵਰਤੋਂ ਕੀਤੀ ਗਈ। ਇਸੇ ਤਰ੍ਹਾਂ 16 ਤੋਂ 19 ਸਤੰਬਰ ਤਕ ਸ਼ਾਹਕੋਟ ਤੋਂ ਮਥੁਰਾ ਅਤੇ ਵਰਿੰਦਾਵਨ ਦੇ ਗੇੜੇ ਵਿਚ 34 ਸ਼ਰਧਾਲੂਆਂ ਲਈ 2,18,541 ਰੁਪਏ ਦਾ ਬਿੱਲ ਕੱਟਿਆ ਗਿਆ ਅਤੇ ਇਸ ਲਈ ਬਿਹਾਰ ਨੰਬਰ ਦੀ ਬੱਸ (ਬੀਆਰ-28-ਪੀ-6363) ਚਲਾਈ ਗਈ। ਪੱਤਰ ਰਾਹੀਂ ਅਧਿਕਾਰੀਆਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਬਿੱਲਾਂ ਦੀ ਪੜਤਾਲ ਕਰਕੇ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਸਬੰਧਤ ਨਿੱਜੀ ਫਰਮ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਅਦਾਇਗੀ ਤੁਰੰਤ ਕੀਤੀ ਜਾ ਸਕੇ।
ਰਾਣਾ ਹਰਦੀਪ ਸਿੰਘ ਨੇ ਆਖਿਆ ਕਿ ਜਿਹੜੀ ਆਮ ਆਦਮੀ ਪਾਰਟੀ ਕਦੇ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤੀਰਥ ਯਾਤਰਾਵਾਂ ਨੂੰ ‘ਚੋਣ ਸਟੰਟ’ ਅਤੇ ‘ਜਨਤਾ ਦੇ ਪੈਸੇ ਦੀ ਕੁਵਰਤੋਂ’ ਦੱਸ ਕੇ ਵਿਰੋਧ ਕਰਦੀ ਸੀ, ਅੱਜ ਉਸੇ ਪਾਰਟੀ ਨੇ ਸੱਤਾ ਵਿੱਚ ਆ ਕੇ ਇਸ ਮਾਡਲ ਨੂੰ ਦੋ ਕਦਮ ਅੱਗੇ ਵਧਾ ਦਿੱਤਾ ਹੈ। ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਅਤੇ ਆਮ ਆਦਮੀ ਪਾਰਟੀ ਕੋਲੋਂ ਸਰਕਾਰ ਦੌਰਾਨ ਪੰਜ ਸਾਲਾਂ ਵਿਚ ਕੀਤੀ ਜਨਤਾ ਦੇ ਪੈਸੇ ਦੀ ਲੁੱਟ ਦਾ ਜਵਾਬ ਮੰਗਿਆ ਜਾਵੇਗਾ।