
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੜਤਾਲ ਸਰਕਾਰੀ ਮੁਲਾਜ਼ਮਾਂ ਦੀ, ਤਾਲਾ ਡਰਾਈਵਿੰਗ ਟੈਸਟ ਟਰੈਕ ’ਤੇ!

-ਜਿਨ੍ਹਾਂ ਵਿਭਾਗਾਂ ’ਚ ਕੰਮ ਬੰਦ ਹੋਣਾ ਸੀ ਉੱਥੇ ਕੰਮ ਰਿਹਾ ਜਾਰੀ, ਡਰਾਈਵਿੰਗ ਟੈਸਟ ਟਰੈਕ ਦੀ ਕਾਰਗੁਜ਼ਾਰੀ ’ਤੇ ਉੱਠੇ ਵੱਡੇ ਸਵਾਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ 17 ਤੇ 18 ਅਗਸਤ ਨੂੰ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਪਰ ਜਲੰਧਰ ’ਚ ਇਸ ਹੜਤਾਲ ਦੌਰਾਨ ਜੋ ਤਸਵੀਰ ਸਾਹਮਣੇ ਆ ਰਹੀ ਹੈ, ਉਸ ਨੇ ਹੜਤਾਲ ’ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੜਤਾਲ ਦੇ ਦਾਇਰੇ ’ਚ ਆਉਣ ਵਾਲੇ ਕੁਝ ਵਿਭਾਗਾਂ ’ਚ ਵੀ ਕੰਮਕਾਜ ਚੱਲਦਾ ਰਿਹਾ, ਜਦਕਿ ਦੂਜੇ ਪਾਸੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਤਾਲਾ ਲੱਗਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
-------------------------
ਹੜਤਾਲ ਮੁਲਾਜ਼ਮਾਂ ਦੀ, ਤਾਲਾ ਡਰਾਈਵਿੰਗ ਟੈਸਟ ਟਰੈਕ ’ਤੇ ਕਿਉਂ?
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਸਰਕਾਰੀ ਮੁਲਾਜ਼ਮ ਹੜਤਾਲ ’ਤੇ ਹਨ ਤਾਂ ਡਰਾਈਵਿੰਗ ਟੈਸਟ ਟਰੈਕ ਨੂੰ ਬੰਦ ਕਰਨ ਦਾ ਫੈਸਲਾ ਕਿਸ ਪੱਧਰ ’ਤੇ ਲਿਆ ਗਿਆ। ਟਰੈਕ ’ਤੇ ਕੰਮ ਦੇਖਣ ਵਾਲਾ ਡਾਟਾ ਐਂਟਰੀ ਆਪ੍ਰੇਟਰ ਕੌਣ ਹਨ। ਕੀ ਉਨ੍ਵਾਂ ਦੀ ਡਿਊਟੀ ਹੜਤਾਲ ਦੇ ਦਾਇਰੇ ’ਚ ਆਉਂਦੀ ਹੈ, ਜੇ ਨਹੀਂ ਤਾਂ ਫਿਰ ਟਰੈਕ ’ਤੇ ਤਾਲਾ ਕਿਉਂ ਲਾਇਆ ਗਿਆ। ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕੰਮ ਲਈ ਪਹਿਲਾਂ ਹੀ ਆਨਲਾਈਨ ਅਪਾਇੰਟਮੈਂਟ ਲੈ ਕੇ ਆਉਣ ਵਾਲੇ ਲੋਕਾਂ ਨੂੰ ਅਚਾਨਕ ਵਾਪਸ ਮੁੜਨਾ ਪਿਆ।
-----------------------------
ਅਧਿਕਾਰੀ ਵੀ 12 ਵਜੇ ਤੱਕ ਟਰੈਕ ਤੋਂ ਨਿਕਲੇ!
ਸੂਤਰਾਂ ਮੁਤਾਬਕ ਡਰਾਈਵਿੰਗ ਟੈਸਟ ਟਰੈਕ ’ਤੇ ਅਧਿਕਾਰੀ ਵੀ ਕਰੀਬ 12 ਵਜੇ ਤੱਕ ਟਰੈਕ ਤੋਂ ਚਲੇ ਗਏ, ਜਿਸ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਹੁਣ ਸਵਾਲ ਇਹ ਹੈ ਕਿ ਜੇ ਟਰੈਕ ਬੰਦ ਰੱਖਣ ਦਾ ਫੈਸਲਾ ਅਧਿਕਾਰਤ ਤੌਰ ’ਤੇ ਲਿਆ ਗਿਆ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਅਪਾਇੰਟਮੈਂਟ ਲੈ ਚੁੱਕੇ ਬਿਨੈਕਾਰਾਂ ਨੂੰ ਕਿਉਂ ਨਹੀਂ ਦਿੱਤੀ ਗਈ।
---------------------------
ਇੰਟਰਨੈਸ਼ਨਲ ਲਾਇਸੈਂਸ ਵਾਲਿਆਂ ਦੀ ਵਧੀ ਮੁਸ਼ਕਲ
ਇਸ ਹੜਤਾਲ ਦੇ ਕਾਰਨ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਮੁਸ਼ਕਲ ਆਈ, ਜਿਨ੍ਹਾਂ ਨੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜਾਂ ਹੋਰ ਜ਼ਰੂਰੀ ਦਸਤਾਵੇਜ਼ ਸਮੇਂ ਸਿਰ ਤਿਆਰ ਕਰਵਾਉਣੇ ਸਨ। ਜਲੰਧਰ ਦੇ ਬਾਬਾ ਬੁੱਢਾ ਜੀ ਨਗਰ ਦੇ ਰਾਜੀਵ ਕੁਮਾਰ ਤੇ ਰਾਮ ਦਾਸ ਨਗਰ, ਚੌਗਿੱਟੀ ਦੇ ਸਹਿਦੇਵ ਨੂੰ ਵੀ ਇਸ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਿਨੈਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੰਟਰਨੈਸ਼ਨਲ ਲਾਇਸੈਂਸ ਸਮੇਂ ਸਿਰ ਪੂਰੇ ਨਾ ਹੋਣ ਕਾਰਨ ਅੱਗੇ ਦੀ ਯਾਤਰਾ ਤੇ ਹੋਰ ਪ੍ਰਬੰਧ ਪ੍ਰਭਾਵਿਤ ਹੋ ਸਕਦੇ ਹਨ। ਉਨ੍ਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਅਗਲੇ ਦਿਨ ਦੀ ਫਲਾਈਟ ਸੀ ਪਰ ਟਰੈਕ ਬੰਦ ਹੋਣ ਕਾਰਨ ਪ੍ਰਕਿਰਿਆ ਪੂਰੀ ਕਰਵਾਉਣਾ ਮੁਸ਼ਕਲ ਹੋ ਗਿਆ।
--------------------------
ਸਬ-ਰਜਿਸਟਰਾਰ ਦਫ਼ਤਰਾਂ ’ਚ ਕੰਮ ਚੱਲਦਾ ਰਿਹਾ
ਜਿੱਥੇ ਡਰਾਈਵਿੰਗ ਟੈਸਟ ਟਰੈਕ ’ਤੇ ਤਾਲਾ ਲੱਗਾ ਦੱਸਿਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਸਬ-ਰਜਿਸਟਰਾਰ ਦਫ਼ਤਰਾਂ ’ਚ ਕੰਮਕਾਜ ਬਿਨਾਂ ਰੋਕ-ਟੋਕ ਜਾਰੀ ਰਹਿਣ ਦੀ ਗੱਲ ਸਾਹਮਣੇ ਆ ਰਹੀ ਹੈ। ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਸਰਕਾਰੀ ਕਲਰਕਾਂ ਵੱਲੋਂ ਰਜਿਸਟਰੀਆਂ ਦਾ ਕੰਮ ਕੀਤਾ ਜਾਂਦਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਆਪਣੀ ਥਾਂ ਇੱਕ ਵੱਖਰਾ ਮਾਮਲਾ ਹੈ ਪਰ ਆਮ ਲੋਕਾਂ ਨੂੰ ਸਹੂਲਤ ਦੇਣ ਵਾਲੀਆਂ ਸੇਵਾਵਾਂ ਨੂੰ ਲੈ ਕੇ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਜੇ ਕੋਈ ਦਫ਼ਤਰ ਹੜਤਾਲ ਦੇ ਦਾਇਰੇ ਵਿੱਚ ਹੈ ਤਾਂ ਉੱਥੇ ਕੰਮ ਬੰਦ ਹੋਣ ਦੀ ਸਪੱਸ਼ਟ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਦਫ਼ਤਰ ਜਾਂ ਕਰਮਚਾਰੀ ਹੜਤਾਲ ਦੇ ਦਾਇਰੇ ਵਿੱਚ ਨਹੀਂ ਆਉਂਦਾ ਤਾਂ ਆਮ ਲੋਕਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
-------------------------------
ਅਪਾਇੰਟਮੈਂਟ ਲੈ ਕੇ ਆਏ ਲੋਕਾਂ ਦਾ ਕੀ ਕਸੂਰ
ਡਰਾਈਵਿੰਗ ਲਾਇਸੈਂਸ ਲਈ ਲੋਕ ਪਹਿਲਾਂ ਆਨਲਾਈਨ ਸਮਾਂ ਲੈਂਦੇ ਹਨ, ਫਿਰ ਆਪਣੇ ਕੰਮ ਅਤੇ ਯਾਤਰਾ ਦੇ ਪ੍ਰੋਗਰਾਮ ਉਸੇ ਹਿਸਾਬ ਨਾਲ ਤੈਅ ਕਰਦੇ ਹਨ। ਅਜਿਹੇ ਵਿੱਚ ਜੇਕਰ ਟਰੈਕ ਅਚਾਨਕ ਬੰਦ ਕਰ ਦਿੱਤਾ ਜਾਵੇ ਤਾਂ ਇਸ ਦਾ ਨੁਕਸਾਨ ਸਿੱਧਾ ਆਮ ਬਿਨੈਕਾਰ ਨੂੰ ਹੁੰਦਾ ਹੈ।
------------------------
‘ਫੋਨ ਆਇਆ ਸੀ, ਅਸੀਂ ਟਰੈਕ ਬੰਦ ਕਰ ਦਿੱਤਾ’ : ਏਟੀਓ
ਇਸ ਸਬੰਧੀ ਜਦੋਂ ਏ.ਟੀ.ਓ. ਕਮਲੇਸ਼ ਕੁਮਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, “ਸਾਨੂੰ ਫੋਨ ਆਇਆ ਸੀ, ਤਾਂ ਅਸੀਂ ਟਰੈਕ ਬੰਦ ਕਰ ਦਿੱਤਾ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਡਰਾਈਵਿੰਗ ਟੈਸਟ ਟਰੈਕ ’ਤੇ ਕੰਮ ਕਰਨ ਵਾਲੇ ਡਾਟਾ ਐਂਟਰੀ ਆਪ੍ਰੇਟਰ ਤਾਂ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਹਨ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਹੜਤਾਲ ਨਾਲ ਉਨ੍ਹਾਂ ਦਾ ਕੋਈ ਸਿੱਧਾ ਸਬੰਧ ਨਹੀਂ, ਫਿਰ ਟਰੈਕ ਨੂੰ ਬੰਦ ਕਰਨ ਦਾ ਫੈਸਲਾ ਕਿਉਂ ਲਿਆ ਗਿਆ? ਇਸ ’ਤੇ ਏ.ਟੀ.ਓ. ਕਮਲੇਸ਼ ਕੁਮਾਰੀ ਨੇ ਕਿਹਾ ਕਿ “ਇਸ ਬਾਰੇ ਤੁਸੀਂ ਆਰ.ਟੀ.ਏ. ਨਾਲ ਗੱਲ ਕਰ ਲਓ।” ਹੁਣ ਸਵਾਲ ਇਹ ਹੈ ਕਿ ਜੇਕਰ ਟਰੈਕ ਬੰਦ ਕਰਨ ਦੇ ਹੁਕਮ ਸਿਰਫ਼ ਇੱਕ ਫੋਨ ਕਾਲ ਦੇ ਆਧਾਰ ’ਤੇ ਦਿੱਤੇ ਗਏ ਸਨ ਤਾਂ ਇਸ ਦਾ ਲਿਖਤੀ ਹੁਕਮ ਕਿਸ ਨੇ ਜਾਰੀ ਕੀਤਾ? ਕੀ ਟਰੈਕ ਬੰਦ ਕਰਨ ਲਈ ਕੋਈ ਅਧਿਕਾਰਤ ਆਦੇਸ਼ ਜਾਰੀ ਹੋਇਆ ਸੀ? ਜੇਕਰ ਡਾਟਾ ਐਂਟਰੀ ਆਪ੍ਰੇਟਰ ਹੜਤਾਲ ਦੇ ਦਾਇਰੇ ’ਚ ਨਹੀਂ ਸਨ ਤਾਂ ਉਨ੍ਹਾਂ ਦੀ ਸੇਵਾ ਵੀ ਕਿਉਂ ਰੋਕੀ ਗਈ।