ਉਦਯੋਗਪਤੀਆਂ ਦੀ ਹਰ ਜਾਇਜ਼ ਮੰਗ ਪੂਰੀ ਹੋਵੇਗੀ : ਭਗਤ
ਉਦਯੋਗਪਤੀਆਂ ਦੀ ਹਰ ਜਾਇਜ਼ ਮੰਗ ਪੂਰੀ ਕਰਨ ਲਈ ਸਰਕਾਰ ਵਚਨਬੱਧ: ਮਹਿੰਦਰ ਭਗਤ
Publish Date: Wed, 01 Apr 2026 09:32 PM (IST)
Updated Date: Wed, 01 Apr 2026 09:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਰਕਾਰ ਉਦਯੋਗਪਤੀਆਂ ਦੀ ਹਰ ਜਾਇਜ਼ ਮੰਗ ਪੂਰੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹ ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੀ ਮਾਸਿਕ ਗ੍ਰੈਂਡ ਗੈਦਰਿੰਗ ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਹ ਮੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਸੁਨੀਲ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ’ਚ ਵੱਡੀ ਗਿਣਤੀ ’ਚ ਉਦਯੋਗਪਤੀ ਮੌਜੂਦ ਰਹੇ। ਇਸ ਮੌਕੇ ਸੁਨੀਲ ਸ਼ਰਮਾ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਚਾਰ ਸਾਲਾਂ ਦੀਆਂ ਉਪਲੱਬਧੀਆਂ ਦੀ ਸ਼ਲਾਘਾ ਕਰਦਿਆਂ ਉਦਯੋਗਾਂ ਲਈ ਲਏ ਗਏ ਫੈਸਲਿਆਂ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਖਾਸ ਤੌਰ ’ਤੇ ਉਦਯੋਗਿਕ ਪਲਾਟਾਂ ਨੂੰ ਫ੍ਰੀਹੋਲਡ ਕਰਨ ਦੀ ਨੀਤੀ ’ਚ ਸੁਧਾਰ, 5 ਫੀਸਦੀ ਟਰਾਂਸਫਰ ਫੀਸ, ਸਟੈਂਪ ਡਿਊਟੀ ’ਚ ਛੋਟ, ਪ੍ਰਕਿਰਿਆਵਾਂ ਦੀ ਸਰਲਤਾ, ਸੈਲਫ ਡਿਕਲੇਰੇਸ਼ਨ ਦੀ ਸਹੂਲਤ ਤੇ ਵੱਖ-ਵੱਖ ਫੀਸਾਂ ’ਚ ਕਟੌਤੀ ਵਰਗੇ ਕਦਮਾਂ ਦਾ ਸਵਾਗਤ ਕੀਤਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਦਯੋਗਿਕ ਇਲਾਕਿਆਂ ’ਚ ਸੜਕਾਂ, ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ’ਤੇ ਧਿਆਨ ਦਿੱਤਾ ਜਾਵੇ ਤੇ ਬਜਟ ’ਚ ਸਮਾਰਟ ਇੰਡਸਟਰੀਅਲ ਇਨਫ੍ਰਾਸਟਰਕਚਰ ਫੰਡ ਦਾ ਪ੍ਰਬੰਧ ਕੀਤਾ ਜਾਵੇ। ਮਹਿੰਦਰ ਭਗਤ ਨੇ ਆਪਣੇ ਸੰਬੋਧਨ ਦੌਰਾਨ ਫੈਡਰੇਸ਼ਨ ਦੇ ਮੈਂਬਰਾਂ ਨੂੰ ਨਵੇਂ ਵਿੱਤੀ ਸਾਲ ਦੀਆਂ ਵਧਾਈਆਂ ਦਿੱਤੀਆਂ ਤੇ ਭਰੋਸਾ ਦਿਵਾਇਆ ਕਿ ਉਹ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਫੈਡਰੇਸ਼ਨ ਦੇ ਵਫ਼ਦ ਨੂੰ ਉਦਯੋਗ ਮੰਤਰੀ ਸੰਜੀਵ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲਵਾਇਆ ਜਾਵੇਗਾ। ਇਸ ਦੌਰਾਨ ਸੁਨੀਲ ਸ਼ਰਮਾ ਵੱਲੋਂ ਬੱਲਾਂ-ਰਸੂਲਪੁਰ ਤੋਂ ਗਦਈਪੁਰ ਤੱਕ ਬਣ ਰਹੀ ਸੜਕ ਨੂੰ 20 ਫੁੱਟ ਚੌੜਾ ਕਰਨ ਤੇ ਬਿਸਤ ਦੋਆਬ ਨਹਿਰ ਤੋਂ ਹਾਈਵੇ ਵੱਲ ਜਾਣ ਵਾਲੀ ਸੜਕ ’ਤੇ ਸਥਿਤ ਤੰਗ ਪੁਲੀਆਂ ਨੂੰ ਚੌੜਾ ਕਰਨ ਦੀ ਮੰਗ ਰੱਖੀ ਗਈ, ਜਿਸ ’ਤੇ ਮੰਤਰੀ ਨੇ ਤੁਰੰਤ ਸਬੰਧਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਖੇਤਰ ’ਚ ਨਵਾਂ ਇੰਡਸਟਰੀਅਲ ਪਾਰਕ ਤੇ ਐਗਜ਼ੀਬਿਸ਼ਨ ਸੈਂਟਰ ਬਣਾਉਣ ਲਈ ਵੀ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਨਵਨੀਤ ਕੁਮਾਰ ਨੇ ਜਲੰਧਰ ਦੇ ਪ੍ਰਵੇਸ਼ ਦੁਆਰ ’ਤੇ ਸ਼ਾਨਦਾਰ ਹੇਰੀਟੇਜ ਗੇਟ ਬਣਾਉਣ ਦੀ ਮੰਗ ਵੀ ਰੱਖੀ, ਜਿਸ ’ਤੇ ਮੰਤਰੀ ਨੇ ਹਾਂਪੱਖੀ ਰਵੱਈਆ ਦਿਖਾਇਆ। ਸਮਾਗਮ ਦੌਰਾਨ ਮਹਿੰਦਰ ਭਗਤ ਨੇ ਮੈਂਬਰਾਂ ਨੂੰ ਮੈਂਬਰਸ਼ਿਪ ਆਈਡੈਂਟੀਟੀ ਕਾਰਡ ਵੀ ਵੰਡੇ ਤੇ ਨੌਜਵਾਨ ਉਦਯੋਗਪਤੀਆਂ ਨੂੰ ਨਵੀਂ ਸੋਚ ਤੇ ਤਕਨਾਲੋਜੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਰੇਸ਼ ਸਹਿਗਲ, ਅਮਰਜੀਤ ਸਿੰਘ ਭਾਟੀਆ, ਪ੍ਰਮੋਦ ਚੋਪੜਾ, ਰਾਜਨ ਗੁਪਤਾ, ਰਵੀ ਮਹਿੰਦਰੂ, ਅਨਿਲ ਵਸ਼ਿਸ਼ਟ, ਗੌਰਵ ਪੁਰੀ, ਮਨੀਸ਼ ਕਵਾਤਰਾ, ਬੰਟੂ ਸੇਠ, ਲਲਿਤ ਭੱਲਾ, ਰਾਜੀਵ ਜੈਰਥ, ਰਾਜੇਸ਼ ਸੇਠ, ਸੰਦੀਪ ਗੁਪਤਾ, ਸੰਦੀਪ ਸ਼ਾਰਦਾ, ਨਵਦੀਪ ਸ਼ਾਰਦਾ, ਜਗਦੀਸ਼ ਵਿਜ ਤੇ ਸੰਦੀਪ ਮਹਾਜਨ ਵੀ ਹਾਜ਼ਰ ਰਹੇ।