ਪੰਜਾਬ ਸਰਕਾਰ 'ਤੇ ਸਚਿਨ ਪਾਇਲਟ ਦਾ ਤਿੱਖਾ ਹਮਲਾ, ਗੈਂਗਸਟਰਾਂ ਅੱਗੇ ਬੇਵੱਸ ਹੈ ਸਰਕਾਰ, ਸਿਸਟਮ ਨੂੰ ਬਚਾਉਣ ਦੀ ਹੈ ਲੋੜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗੀ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਖੁਰਦ ਪਹੁੰਚੇ। ਮਾਰਚ 2022 ਵਿੱਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸੰਦੀਪ ਨੰਗਲ ਅੰਬੀਆਂ ਦੇ ਘਰ ਪਹੁੰਚ ਕੇ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਦਮਸ਼੍ਰੀ ਪਰਗਟ ਸਿੰਘ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਏਆਈਸੀਸੀ ਸਕੱਤਰ ਰਵਿੰਦਰ ਡਾਲਵੀ ਅਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਅਤੇ ਸੰਧੂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
Publish Date: Sun, 18 Oct 2026 04:02 PM (IST)
Updated Date: Sun, 18 Oct 2026 04:03 PM (IST)
ਪ੍ਰਿਤਪਾਲ ਸਿੰਘ/ਅਮਨਦੀਪ, ਪੰਜਾਬੀ ਜਾਗਰਣ, ਸ਼ਾਹਕੋਟ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਰਗੀ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਖੁਰਦ ਪਹੁੰਚੇ। ਮਾਰਚ 2022 ਵਿੱਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸੰਦੀਪ ਨੰਗਲ ਅੰਬੀਆਂ ਦੇ ਘਰ ਪਹੁੰਚ ਕੇ ਸਚਿਨ ਪਾਇਲਟ, ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਦਮਸ਼੍ਰੀ ਪਰਗਟ ਸਿੰਘ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਏਆਈਸੀਸੀ ਸਕੱਤਰ ਰਵਿੰਦਰ ਡਾਲਵੀ ਅਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਅਤੇ ਸੰਧੂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਸੰਦੀਪ ਨੰਗਲ ਅੰਬੀਆਂ ਦੀ ਯਾਦਗਾਰ ’ਤੇ ਪਹੁੰਚ ਕੇ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਿੱਘੀ ਸ਼ਰਧਾਂਜਲੀ ਦਿੱਤੀ।
‘ਮੈਂ ਸਿਆਸੀ ਭਾਸ਼ਣ ਦੇਣ ਨਹੀਂ, ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣ ਆਇਆ ਹਾਂ’
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਉਹ ਇੱਥੇ ਕੋਈ ਸਿਆਸੀ ਭਾਸ਼ਣ ਦੇਣ ਨਹੀਂ ਆਏ, ਸਗੋਂ ਪੰਜਾਬ ਵਿੱਚ ਗੈਂਗਸਟਰਾਂ ਦੇ ਹੱਥੋਂ ਬੇਵਜ੍ਹਾ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਕੁਝ ਸਮੇਂ ਬਾਅਦ ਦੁਨੀਆ ਅੱਗੇ ਲੰਘ ਜਾਂਦੀ ਹੈ, ਪਰ ਪੀੜਤ ਪਰਿਵਾਰਾਂ ਦਾ ਦੁੱਖ ਅਤੇ ਸੰਘਰਸ਼ ਲਗਾਤਾਰ ਜਾਰੀ ਰਹਿੰਦਾ ਹੈ। ਇਸ ਲਈ ਅਜਿਹੇ ਪਰਿਵਾਰਾਂ ਦੀ ਸਾਰ ਲੈਣੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕਰਨਾ ਬੇਹੱਦ ਜ਼ਰੂਰੀ ਹੈ।
ਸਚਿਨ ਪਾਇਲਟ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦਾ ਮਕਸਦ ਇਹ ਜਾਣਨਾ ਹੈ ਕਿ ਮਾਮਲਿਆਂ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ, ਮੁਲਜ਼ਮ ਗ੍ਰਿਫ਼ਤਾਰ ਹੋਏ ਹਨ ਜਾਂ ਨਹੀਂ ਅਤੇ ਅਦਾਲਤਾਂ ਵਿੱਚ ਕੇਸਾਂ ਦੀ ਕੀ ਸਥਿਤੀ ਹੈ।
‘ਸਾਲਾਂ ਬਾਅਦ ਵੀ ਕੇਸਾਂ ਦੀ ਸਹੀ ਪੈਰਵੀ ਨਹੀਂ ਹੋ ਰਹੀ’
ਸਚਿਨ ਪਾਇਲਟ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦਿਨ-ਦਿਹਾੜੇ ਹੋਏ ਕਤਲਾਂ ਦੇ ਮਾਮਲਿਆਂ ਵਿੱਚ ਵੀ ਸਾਲਾਂ ਤੱਕ ਸਹੀ ਢੰਗ ਨਾਲ ਪੈਰਵੀ ਨਹੀਂ ਹੋ ਰਹੀ। ਇਸ ਕਾਰਨ ਮੁਲਜ਼ਮ ਬੇਖ਼ੌਫ਼ ਘੁੰਮਦੇ ਹਨ ਅਤੇ ਸਿਸਟਮ ਪ੍ਰਤੀ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਅਤੇ ਅਹਿਮ ਗਵਾਹਾਂ ਨੂੰ ਵਿਦੇਸ਼ਾਂ ਤੋਂ ਧਮਕੀ ਭਰੇ ਫ਼ੋਨ ਆ ਰਹੇ ਹਨ। ਉਨ੍ਹਾਂ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਪਾਇਲਟ ਮੁਤਾਬਕ, ਪੁਲਿਸ ਸੁਰੱਖਿਆ ਨਾ ਮਿਲਣ ਕਾਰਨ ਕਈ ਵਾਰ ਗਵਾਹ ਵੀ ਆਪਣੇ ਬਿਆਨਾਂ ਤੋਂ ਮੁੱਕਰਨ ਲਈ ਮਜਬੂਰ ਹੋ ਜਾਂਦੇ ਹਨ।
ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਬਠਿੰਡਾ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਇੱਕ ਨੌਜਵਾਨ, ਜਿਸ ਦੀ ਮਾਂ ਅਤੇ ਭੈਣ ਹਨ, ਡਰ ਦੇ ਮਾਹੌਲ ਵਿੱਚ ਜੀਅ ਰਿਹਾ ਹੈ। ਉਸ ਨੂੰ ਖ਼ਦਸ਼ਾ ਹੈ ਕਿ ਅਦਾਲਤ ਵਿੱਚ ਗਵਾਹੀ ਦੇਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਿਆਸੀ ਇਸ਼ਾਰਿਆਂ ’ਤੇ ਕੰਮ ਕਰਨ ਦੀ ਬਜਾਏ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅਪਰਾਧਾਂ ਨੂੰ ਠੱਲ੍ਹ ਪਾਉਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਦੀ ਨਿਰਪੱਖਤਾ ਨਾਲ ਪਾਲਣਾ ਹੋਣੀ ਚਾਹੀਦੀ ਹੈ।
ਸਚਿਨ ਪਾਇਲਟ ਨੇ ਕਿਹਾ ਕਿ ਜੇਕਰ ਲੋਕਾਂ ਦਾ ਕਾਨੂੰਨ ਅਤੇ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਤਾਂ ਸਮਾਜ ਲਈ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਹਨ। ਉਨ੍ਹਾਂ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਤੇ ਨੈਤਿਕ ਮਦਦ ਦੇਣ ਲਈ ਤਿਆਰ ਹੈ।
ਕਈ ਕਾਂਗਰਸੀ ਆਗੂ ਅਤੇ ਵਰਕਰ ਰਹੇ ਮੌਜੂਦ ਇਸ ਮੌਕੇ ਸ਼ਾਹਕੋਟ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸੁਖਦੇਵ ਸਿੰਘ ਸੁੱਖਾ, ਸੁਖਦੀਪ ਸਿੰਘ ਸੋਨੂੰ ਕੰਗ, ਗੁਰਦੇਵ ਸਿੰਘ ਕੰਨੀਆਂ, ਮਨਜਿੰਦਰ ਸਿੰਘ ਚਤਰੱਥ, ਦਰਸ਼ਨ ਸਿੰਘ ਮਾਣਕਪੁਰ, ਸਤਿੰਦਰਪਾਲ ਸਿੰਘ ਸੋਨੂੰ ਕਿਲੀ, ਬਲਜੀਤ ਸਿੰਘ ਮੀਏਂਵਾਲ, ਟਿੰਪੀ ਕੁਮਰਾ, ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗੁਪਤਾ, ਤਨਿਸ਼ ਗਾਬਾ, ਯਸ਼ਪਾਲ ਗੁਪਤਾ, ਤਰਲੋਕ ਰੂਪਰਾ, ਡਾ. ਸੁਰਿੰਦਰ ਭੱਟੀ, ਪਵਨ ਜੁਨੇਜਾ, ਕੁਲਬੀਰ ਸਿੰਘ ਧੰਜੂ, ਮਨਜੀਤ ਸਿੰਘ ਸੱਤਾ, ਜਸਪਾਲ ਸਿੰਘ ਸਰਪੰਚ ਨੰਗਲ ਅੰਬੀਆਂ ਖੁਰਦ, ਜਗਤਾਰ ਸਿੰਘ ਖਾਲਸਾ, ਅਮਰਜੀਤ ਕੌਰ ਸਚਦੇਵਾ, ਜਸਵੀਰ ਸਿੰਘ ਸ਼ੀਰਾ, ਸੁਰਜੀਤ ਸਿੰਘ ਬੱਗਾ, ਨੱਥਾ ਸਿੰਘ ਜਾਫਰਵਾਲ, ਅਮਰਜੀਤ ਸਿੰਘ ਹਾਜੀਪੁਰ, ਸੁਰਜੀਤ ਸਿੰਘ ਸ਼ੇਖੇਵਾਲ ਅਤੇ ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।