- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਦੇ ਦੀ ਫੈਕਟਰੀ ’ਚ ਲੱਗੀ ਅੱਗ ਨਾਲ ਲੱਖਾਂ ਦਾ ਸਮਾਨ ਸੜ ਕੇ ਸੁਆਹ

12 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ, ਇਕ ਝੁਲਸਿਆ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੇ ਅਧਿਕਾਰ ਖੇਤਰ ਅਧੀਨ ਬਸਤੀ ਪੀਰ ਦਾਦ ਰੋਡ 'ਤੇ ਸਥਿਤ ਇਕ ਗੱਦੇ ਬਣਾਉਣ ਵਾਲੀ ਫੈਕਟਰੀ ’ਚ ਵੀਰਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਕੁਝ ਹੀ ਪਲਾਂ ’ਚ ਅੱਗ ਤੇ ਧੂੰਏਂ ਨੇ ਆਪਣੀ ਲਪੇਟ ’ਚ ਲੈ ਲਿਆ। ਫੈਕਟਰੀ ਅੰਦਰ ਮੌਜੂਦ ਲਗਭਗ 12 ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ। ਜਦਕਿ ਇਕ ਵਿਅਕਤੀ ਬੁਰੀ ਤਰਾ ਝੁਲਸ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 9 ਵਜੇ ਦੇ ਕਰੀਬ ਫੈਕਟਰੀ ਦੇ ਅੰਦਰੋਂ ਧੂੰਆਂ ਉੱਠਦਾ ਦੇਖਿਆ ਗਿਆ। ਧੂੰਆਂ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਕਰਮਚਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਅੱਗ ਤੇਜ਼ੀ ਨਾਲ ਫੈਲ ਗਈ। ਫੈਕਟਰੀ ਅੰਦਰ ਸਟਾਕ ਕੀਤੇ ਬਹੁਤ ਜ਼ਿਆਦਾ ਜਲਣਸ਼ੀਲ ਪਦਾਰਥ ਹੋਣ ਕਾਰਨ ਤੇ ਉਨ੍ਹਾਂ ਦੇ ਉਤਪਾਦਨ ’ਚ ਵਰਤੀ ਜਾਣ ਵਾਲੀ ਸਮੱਗਰੀ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਸ ਦੌਰਾਨ ਫੈਕਟਰੀ ’ਚ ਇਕ ਦੋ ਧਮਾਕਿਆਂ ਦੀ ਵੀ ਆਵਾਜ਼ ਸੁਣੀ ਗਈ। ਧੂੰਆਂ ਇੰਨਾ ਸੰਘਣਾ ਸੀ ਕਿ ਇਹ ਲਗਭਗ ਦੋ ਕਿੱਲੋਮੀਟਰ ਦੀ ਦੂਰੀ ਤੋਂ ਸਾਫ਼ ਦਿਖਾਈ ਦੇ ਰਿਹਾ ਸੀ। ਸੂਚਨਾ ਮਿਲਦਿਆਂ ਹੀ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਗਭਗ 10 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ। ਫਾਇਰਫਾਈਟਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਫੈਕਟਰੀ ਨੂੰ ਹੋਏ ਨੁਕਸਾਨ ਦੀ ਹੱਦ ਦਾ ਅਜੇ ਤੱਕ ਮੁਲਾਂਕਣ ਨਹੀਂ ਕੀਤਾ ਗਿਆ ਹੈ ਪਰ ਅੰਦਾਜ਼ਾ ਹੈ ਕਿ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਆਹ ਹੋ ਚੁੱਕਾ ਹੈ। ਬਸਤੀ ਬਾਵਾ ਖੇਲ ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪੁੱਜ ਗਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।