ਤਹਿਸੀਲ ‘ਚ ਸ਼ਰੇਆਮ ਚੱਲਦੈ ‘ਗੋਲਾ ਬੇਗੀ ਬਾਦਸ਼ਾਹ’, ਪ੍ਰਸ਼ਾਸਨ ਬੇਸੁੱਧ ਤਹਿਸੀਲ ‘ਚ ਸ਼ਰੇਆਮ ਚਲਦੈ ‘ਗੋਲਾ ਬੇਗੀ ਬਾਦਸ਼ਾਹ’, ਪ੍ਰਸ਼ਾਸਨ ਬੇਸੁੱਧ
Publish Date: Wed, 02 Sep 2026 10:02 PM (IST)
Updated Date: Wed, 02 Sep 2026 10:04 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਤਹਿਸੀਲ ਕੰਪਲੈਕਸ ਇਕ ਵਾਰ ਫਿਰ ਆਪਣੇ ਪ੍ਰਬੰਧਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਤਹਿਸੀਲ ਦੇ ਗੇਟ ਨੰਬਰ-2 ਦੇ ਕੈਂਚੀ ਵਾਲੇ ਗੇਟ ਨੇੜੇ ਦਿਨ ਦੇ ਸਮੇਂ ਕਥਿਤ ਤੌਰ ’ਤੇ ਤਾਸ਼ ਦੀ ਖੇਡ ਦੇ ਨਾਲ ਮਹਿਫ਼ਲ ਸਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੇਟ ਦੇ ਨੇੜੇ ਕੁਝ ਲੋਕਾਂ ਦਾ ਟੌਲਾ ਬੈਠਾ ਰਹਿੰਦਾ ਹੈ ਤੇ ਉੱਥੇ ਤਾਸ਼ ਖੇਡਣ ਦਾ ਸਿਲਸਿਲਾ ਚੱਲਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਤਹਿਸੀਲ ਕੰਪਲੈਕਸ ’ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਜ਼ਰੂਰੀ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ, ਉੱਥੇ ਗੇਟ ਦੇ ਬਿਲਕੁਲ ਨੇੜੇ ਅਜਿਹੀ ਗਤੀਵਿਧੀ ਕਥਿਤ ਤੌਰ ’ਤੇ ਕਿਵੇਂ ਚੱਲ ਰਹੀ ਹੈ। ਲੋਕ ਰਜਿਸਟਰੀਆਂ, ਇੰਤਕਾਲ, ਜ਼ਮੀਨ-ਜਾਇਦਾਦ ਤੇ ਹੋਰ ਸਰਕਾਰੀ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਮਾਮਲੇ ਨੇ ਤਹਿਸੀਲ ਕੰਪਲੈਕਸ ਦੀ ਨਿਗਰਾਨੀ ਤੇ ਪ੍ਰਬੰਧਕੀ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇ ਗੇਟ ਨੰਬਰ 2 ਵਰਗੀ ਲੋਕਾਂ ਦੀ ਲਗਾਤਾਰ ਆਵਾਜਾਈ ਵਾਲੀ ਥਾਂ ’ਤੇ ਦਿਨ ਦਿਹਾੜੇ ਇਹ ਸਭ ਕੁਝ ਹੋ ਰਿਹਾ ਹੈ ਤਾਂ ਕੀ ਸਬੰਧਤ ਅਧਿਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਜਾਂ ਫਿਰ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਅਨੁਸਾਰ ਤਹਿਸੀਲ ਕੰਪਲੈਕਸ ਸਰਕਾਰੀ ਕੰਮਕਾਜ ਦੀ ਥਾਂ ਹੈ ਨਾ ਕਿ ਤਾਸ਼ ਦੀ ਮਹਿਫ਼ਲ ਲਗਾਉਣ ਵਾਲੀ ਕੋਈ ਪਾਰਕ ਹੈ। ਅਜਿਹੇ ’ਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਇਹ ਸਪੱਸ਼ਟ ਕਰੇ ਕਿ ਗੇਟ ਨੰਬਰ 2 ਕੋਲ ਕਿਹੜੇ ਲੋਕ ਬੈਠਦੇ ਹਨ, ਉੱਥੇ ਕੀ ਗਤੀਵਿਧੀ ਚੱਲ ਰਹੀ ਹੈ ਤੇ ਜੇਕਰ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਕੀ ਕਾਰਵਾਈ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਤਹਿਸੀਲ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਸਰਕਾਰੀ ਕੰਪਲੈਕਸ ’ਚ ਚੱਲ ਰਹੀ ਕਥਿਤ ਤਾਸ਼ ਦੀ ਮਹਿਫ਼ਲ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ। ------------------------ ਨਹੀਂ ਹੋਣ ਦਿੱਤੀ ਜਾਵੇਗੀ ਅਜਿਹੀ ਗਤੀਵਿਧੀ : ਰਾਕੇਸ਼ ਕੁਮਾਰ ਜਿਲਾ ਨਾਜਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗਤੀਵਧੀ ਸਾਹਮਣੇ ਆਉਂਦੀ ਹੈ ਤਾਂ ਜਲਦ ਤੋਂ ਜਲਦ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਕਿਉਂਕਿ ਤਹਿਸੀਲ ’ਚ ਲੋਕਾਂ ਦੇ ਆਉਣ-ਜਾਣ ਤੋਂ ਇਲਾਵਾ ਇਥੇ ਵੱਡੇ ਤੋਂ ਵੱਡਾ ਅਧਿਕਾਰੀ ਬੈਠਦਾ ਹੈ। ਫਿਲਹਾਲ ਜਾਂਚ ਕੀਤੀ ਜਾਵੇ ਤੇ ਨਾਲ ਹੀ ਛਾਪੇਮਾਰੀ ਵੀ ਕੀਤੀ ਜਾਵੇਗੀ ਤਾਂਕਿ ਅਜਿਹੇ ਲੋਕਾਂ ਨੂੰ ਭਜਾਇਆ ਜਾ ਸਕੇ।