ਲੜਕੀ ਨੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ
ਲੜਕੀ ਨੇ ਦਿਖਾਈ ਬਹਾਦਰੀ, ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਪਰਸ ਲੈ ਕੇ ਫਰਾਰ
Publish Date: Wed, 25 Feb 2026 06:54 PM (IST)
Updated Date: Wed, 25 Feb 2026 06:58 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ-ਕਰਤਾਰਪੁਰ ਰੋਡ ’ਤੇ ਸਥਿਤ ਪਿੰਡ ਫਰੀਦਪੁਰ ਦੇ ਅੱਡੇ ’ਤੇ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਐਕਟਿਵਾ ਸਵਾਰ ਦੋ ਔਰਤਾਂ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇਕ ਲੜਕੀ ਨਾਲ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਕੀਤੀ। ਜੋਤੀ ਰਾਣੀ ਪੁੱਤਰੀ ਬੱਗਾ ਵਾਸੀ ਕਪੂਰਥਲਾ, ਜੋ ਦੁਗਰੀ ਪਿੰਡ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੀ ਸੀ, ਨੇ ਦੱਸਿਆ ਕਿ ਕਪੂਰਥਲਾ ਤੋਂ ਹੀ ਦੋ ਨੌਜਵਾਨ ਉਸਦਾ ਪਿੱਛਾ ਕਰ ਰਹੇ ਸਨ। ਜਦੋਂ ਉਹ ਫਰੀਦਪੁਰ ਅੱਡੇ ’ਤੇ ਪਹੁੰਚੀ ਤਾਂ ਉਸਨੇ ਐਕਟਿਵਾ ਰੋਕ ਕੇ ਨਜ਼ਦੀਕੀ ਦੁਕਾਨ ’ਚ ਦਾਖਲ ਹੋ ਕੇ ਆਪਣਾ ਬਚਾਅ ਕੀਤਾ। ਇਸ ਦੌਰਾਨ ਇਕ ਲੁਟੇਰਾ ਉਸਦੇ ਪਿੱਛੇ ਦੁਕਾਨ ਅੰਦਰ ਦਾਖਲ ਹੋ ਗਿਆ ਤੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜੋਤੀ ਨੇ ਬਹਾਦਰੀ ਦਿਖਾਉਂਦੇ ਹੋਏ ਡਟ ਕੇ ਮੁਕਾਬਲਾ ਕੀਤਾ ਤੇ ਪਰਸ ਛੱਡਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਲੁਟੇਰੇ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਪਰਸ ਖੋਹ ਕੇ ਭੱਜਣ ਲੱਗ ਪਿਆ। ਜੋਤੀ ਨੇ ਫਿਰ ਹਿੰਮਤ ਦਿਖਾਈ ਤੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਅੱਗੇ ਤੋਂ ਫੜ ਲਿਆ ਪਰ ਲੁਟੇਰੇ ਹਥਿਆਰਾਂ ਦੇ ਜ਼ੋਰ ’ਤੇ ਪਰਸ ਲੈ ਕੇ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਕਈ ਲੋਕ ਤਮਾਸ਼ਬੀਨ ਬਣੇ ਰਹੇ ਤੇ ਕਿਸੇ ਨੇ ਵੀ ਪੀੜਤ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਲੋਕ ਇਕੱਠੇ ਹੋ ਕੇ ਮਦਦ ਕਰਦੇ ਤਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕਦਾ ਸੀ। ਪੀੜਿਤ ਅਨੁਸਾਰ ਉਸਦੇ ਪਰਸ ’ਚ ਲਗਭਗ 20 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ, ਪਾਸਪੋਰਟ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਪੂਰੀ ਘਟਨਾ ਨਜ਼ਦੀਕੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਹੀ ਲੁਟੇਰਿਆਂ ਨੇ ਫਰੀਦਪੁਰ ਦੇ ਨਜ਼ਦੀਕ ਇਕ ਸਬਜ਼ੀ ਵੇਚਣ ਵਾਲੇ ਕੋਲੋਂ ਵੀ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ 700 ਰੁਪਏ ਲੁੱਟ ਕੇ ਫਰਾਰ ਹੋਣ ਦੀ ਖ਼ਬਰ ਹੈ। ਦੋਵੇਂ ਵਾਰਦਾਤਾਂ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਹੈ।