ਇਲਾਕੇ ਨੂੰ ਲੈ ਕੇ ਭੀੜੇ ਮਹੰਤ, ਇਕ ਜ਼ਖ਼ਮੀ ਮਹੰਤਾਂ ਵਿਚਾਲੇ ਇਲਾਕੇ ਨੂੰ ਲੈ ਕੇ ਤਕਰਾਰ- ਮਹੰਤ ਕੱਚੀ ਗਿਰੀ 'ਤੇ ਹਮਲਾ ਕਰਕੇ ਕੀਤਾ ਜ਼ਖਮੀ
Publish Date: Fri, 23 Oct 2026 08:02 PM (IST)
Updated Date: Fri, 23 Oct 2026 08:03 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ ਇਲਾਕੇ ਦੀ ਵੰਡ ਨੂੰ ਲੈ ਕੇ ਦੋ ਮਹੰਤਾਂ ਵਿਚਾਲੇ ਹੋਏ ਵਿਵਾਦ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ ਜਦ ਇਕ ਮਹੰਤ ਵੱਲੋਂ ਦੂਜੇ ’ਤੇ ਹਮਲਾ ਕਰਕੇ ਉਸ ਦੀ ਗੱਡੀ ਦੀ ਭੰਨ੍ਹ ਤੋੜ ਕੀਤੀ ਤੇ ਉਸਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਜੇਰੇ ਇਲਾਜ ਜ਼ਖ਼ਮੀ ਹੋਈ ਮਹੰਤ ਕੱਚੀ ਗਿਰੀ (ਲਾਡੋ ਮਹੰਤ) ਨੇ ਦੋਸ਼ ਲਾਇਆ ਹੈ ਕਿ ਬਾਹਰਲੇ ਇਲਾਕੇ ’ਚੋਂ ਆ ਕੇ ਉਸਦੇ ਇਲਾਕੇ ਵਿਚ ਵਧਾਈਆਂ ਲੈਣ ਵਾਲੇ ਦੂਜੀ ਧਿਰ ਦੇ ਮਹੰਤ ਵੱਲੋਂ ਉਸ ’ਤੇ ਹਮਲਾ ਕਰਵਾਇਆ ਗਿਆ। ਮਹੰਤ ਕੱਚੀ ਗਿਰੀ (ਲਾਡੋ ਮਹੰਤ) ਨੇ ਦੱਸਿਆ ਕਿ ਉਹ ਜਦੋਂ ਪਿੰਡ ਬਾਹਮਣੀਆਂ ਲਾਗੇ ਵਧਾਈ ਲੈਣ ਜਾ ਰਹੀ ਸੀ ਤਾਂ ਦੂਜੇ ਮਹੰਤ ਤੇ ਉਸ ਦੇ ਸਾਥੀਆਂ ਨੇ ਉਸਦੀ ਕਾਰ ਪਿੱਛਾ ਕਰਦਿਆਂ ਉਸ (ਲਾਡੋ ਮਹੰਤ) ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਤੇ ਕਾਰ ਦਾ ਪਿਛਲਾ ਸ਼ੀਸ਼ਾ ਵੀ ਭੰਨ ਦਿੱਤਾ। ਉਸਨੇ ਕਿਹਾ ਕਿ ਹਮਲਾਵਰਾਂ ਵੱਲੋਂ ਉਸਦੀ ਸੋਨੇ ਦੀ ਚੈਨ ਤੇ ਹੋਰ ਗਹਿਣੇ ਵੀ ਖੋਹ ਲਏ ਗਏ। ਉਸਨੇ ਦਸਿਆ ਕਿ ਬਾਹਰਲੇ ਇਲਾਕੇ ’ਚੋਂ ਆਏ ਉਕਤ ਮਹੰਤ ਸਬੰਧੀ ਉਹ ਪਹਿਲਾਂ ਵੀ ਪੁਲਿਸ ਪਾਸ ਸ਼ਿਕਾਇਤ ਕਰ ਚੁੱਕੀ ਹੈ ਕਿ ਉਹ ਧੱਕੇ ਨਾਲ ਉਸਦੇ ਇਲਾਕੇ ’ਚੋਂ ਵਧਾਈਆਂ ਉਗਰਾਹੁਣ ਦਾ ਕੰਮ ਕਰ ਰਿਹਾ ਹੈ। ਉਸ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਦੂਜੇ ਪਾਸੇ ਦੂਜੀ ਧਿਰ ਦੀ ਮਹੰਤ ਨੇ ਵੀ ਆਪਣਾ ਪੱਖ ਰੱਖਦਿਆਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਇਸ ਸਬੰਧੀ ਐੱਸਐੱਚਓ ਸ਼ਾਹਕੋਟ ਸਬ ਇੰਸਪੈਕਟਰ ਸੁਖਵਿੰਦਰਪਾਲ ਸੋਢੀ ਨੇ ਕਿਹਾ ਕਿ ਮਾਮਲਾ ਧਿਆਨ ’ਚ ਹੈ ਤੇ ਪੂਰੀ ਤਫ਼ਤੀਸ਼ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।