- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਨਵੰਬਰ ਸਾਰਾ ਦਿਨ

ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਚੱਲੇਗਾ ਮੇਲਾ
ਕਮੇਟੀ ਮੈਂਬਰ ਹਰਮੇਸ਼ ਮਾਲੜੀ 'ਤੇ ਹਮਲੇ ਵਿਰੁੱਧ ਮਤਾ ਕੀਤਾ ਪਾਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਅਤੇ ਇਸਦੇ ਅੰਗ ਸੰਗ ਜੁੜੇ ਸਭਿਆਚਾਰਕ ਕਾਮਾ ਪਰਿਵਾਰ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਮੀਟਿੰਗ 'ਚ 30 ਅਕਤੂਬਰ ਤੋਂ ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਹੋਣ ਵਾਲਾ 'ਮੇਲਾ ਗ਼ਦਰੀ ਬਾਬਿਆਂ ਦਾ' ਹੋਰ ਵੀ ਖਿੱਚ ਅਤੇ ਸੁਨੇਹਾ ਭਰਪੂਰ ਕਿਵੇਂ ਬਣੇ ਇਸ 'ਤੇ ਨਿਠ ਕੇ ਵਿਚਾਰਾਂ ਕਰਦਿਆਂ ਟੀਮਾਂ ਦਾ ਗਠਨ ਕੀਤਾ ਗਿਆ। ਇਹ ਫੈਸਲਾ ਵੀ ਕੀਤਾ ਗਿਆ ਕਿ ਪਹਿਲੀ ਨਵੰਬਰ ਦੀ ਰਾਤ, ਮੇਲਾ ਅੱਧੀ ਰਾਤ ਦੀ ਬਜਾਏ ਸਰਘੀ ਵੇਲੇ ਤੱਕ ਜਾਰੀ ਰਹੇਗਾ।
ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਮਿਊਜ਼ੀਅਮ ਅਤੇ ਲਾਇਬ੍ਰੇਰੀ ਹਾਲ 'ਚ 30 ਅਕਤੂਬਰ ਬਾਅਦ ਦੁਪਹਿਰ 2 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਆਗਾਜ਼ ਕੀਤਾ ਜਾਏਗਾ। ਇਸ ਵਿੱਚ ਪੰਜਾਬ ਦੇ ਜਾਣੇ-ਪਹਿਚਾਣੇ ਚਿੱਤਰਕਾਰ ਅਤੇ ਫੋਟੋ ਕਲਾਕਾਰਾਂ ਦੀਆਂ ਕਿਰਤਾਂ ਤੋਂ ਇਲਾਵਾ ਨਵੀਂ ਦਿੱਲੀ ਤੋਂ ਨਾਮਵਰ ਵਿਦਵਾਨ ਅਤੇ ਕਵੀ ਗੌਹਰ ਰਜ਼ਾ ਦੀ ਭਾਣਜੀ ਆਵਾਨ ਪੇਂਟਿੰਗਾਂ ਲੈ ਕੇ ਸ਼ਾਮਲ ਹੋਣਗੇ।
30 ਅਕਤੂਬਰ ਸ਼ਾਮ 4 ਵਜੇ 'ਉਹਨਾਂ ਮਿੱਤਰਾਂ ਦੀ ਯਾਦ ਪਿਆਰੀ'... ਬੈਨਰ ਹੇਠ ਸ਼ੁਰੂ ਹੋਣ ਵਾਲੇ ਸਮਾਗਮ 'ਚ ਪਿਛਲੇ ਦਿਨੀਂ ਵਿਛੜ ਗਈਆਂ ਸਖਸ਼ੀਅਤਾਂ ਨੂੰ ਸਿਜਦਾ ਕੀਤਾ ਜਾਏਗਾ। ਇਸ ਉਪਰੰਤ ਪੈਨਲ ਵਿਚਾਰ-ਚਰਚਾ ਹੋਏਗੀ, ਜਿਸਦੇ ਸੰਚਾਲਕ ਹਰਵਿੰਦਰ ਭੰਡਾਲ ਹੋਣਗੇ। ਇਸ ਵਿੱਚ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਜਾਣੇ-ਪਹਿਚਾਣੇ ਆਗੂ ਰਾਜਿੰਦਰ ਭਦੌੜ, ਸ਼ਿਵ ਇੰਦਰ ਸਿੰਘ ਅਤੇ ਹੋਰ ਸਾਥੀ ਸ਼ਾਮਲ ਹੋਣਗੇ।
ਅੱਜ ਦੀ ਮੀਟਿੰਗ 'ਚ 31 ਅਕਤੂਬਰ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਸੰਭਾਲਣ ਲਈ ਕਮੇਟੀਆਂ ਦਾ ਪੁਨਰ ਗਠਨ ਕੀਤਾ ਗਿਆ। ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ-ਸਨਮਾਨ ਦੇਣ ਤੋਂ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ, ਵਿਗਿਆਨਕ ਸਭਿਆਚਾਰਕ ਕਲਾ-ਵੰਨਗੀਆਂ ਪੇਸ਼ ਕਰੇਗੀ। ਇਸ ਰੋਜ਼ ਵਿਚਾਰ-ਚਰਚਾ ਵਿੱਚ ਉੱਘੇ ਵਿਦਵਾਨ ਭਖ਼ਦੇ ਅਹਿਮ ਸੁਆਲਾਂ 'ਤੇ ਚਰਚਾ ਕਰਨ ਲਈ ਬੁਲਾਏ ਜਾ ਰਹੇ ਹਨ। ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ ਡਾ. ਸੈਲੇਸ਼ ਦੀ ਅਗਵਾਈ 'ਚ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ।
ਪਹਿਲੀ ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਵੱਲੋਂ ਗ਼ਦਰੀ ਝੰਡਾ ਲਹਿਰਾਉਣ ਅਤੇ ਸੰਬੋਧਨ ਉਪਰੰਤ ਅਮੋਲਕ ਸਿੰਘ ਦਾ ਨਵ-ਰਚਿਤ ਸੰਗੀਤ ਨਾਟ ਓਪੇਰਾ ਰੂਪੀ ਝੰਡੇ ਦਾ ਗੀਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਦਰਜਣਾਂ ਕਲਾਕਾਰ ਪੇਸ਼ ਕਰਨਗੇ। ਇਸ ਦਿਨ ਹੋਰ ਵੰਨ-ਸੁਵੰਨੀਆਂ ਕਲਾ ਕਿਰਤਾਂ ਤੋਂ ਇਲਾਵਾ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਸੰਬੋਧਨ ਕਰਨ ਲਈ ਬੁਲਾਇਆ ਗਿਆ ਹੈ। ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੇ ਨਿਰਦੇਸ਼ਕ ਏਕੱਤਰ ਇਸ ਮੌਕੇ ਨਾਟਕ ਖੇਡਣਗੇ।
ਪਹਿਲੀ ਨਵੰਬਰ ਸ਼ਾਮ 7 ਵਜੇ 'ਭੰਡ ਆਏ ਮੇਲੇ ਤੇ' ਕਲਾ ਵੰਨਗੀ ਲੈ ਕੇ ਆਏ ਇਪਟਾ ਦੇ ਅਵਤਾਰ ਚੜਿੱਕ ਅਤੇ ਸਾਥੀਆਂ ਨਾਲ ਸ਼ੁਰੂ ਹੋਏਗੀ ਸਾਰੀ ਰਾਤ ਚੱਲਣ ਵਾਲੀ ਨਾਟਕ ਅਤੇ ਗੀਤ-ਸੰਗੀਤ ਦੀ ਲੜੀ।
ਪਹਿਲੀ ਨਵੰਬਰ ਮੇਲੇ ਵਿੱਚ ਕੁਸ਼ਾਗਰ ਕਾਲੀਆ, ਸਾਰਾ ਚੰਡੀਗੜ੍ਹ, ਮੁੰਬਈ ਤੋਂ ਅੰਜਲੀ ਦੀ ਨਿਰਦੇਸ਼ਨਾ 'ਚ ਸੰਗੀਤ ਮੰਡਲੀ, ਧਰਮਿੰਦਰ ਮਸਾਣੀ, ਨਰਗਿਸ, ਗ਼ੁਲਾਮ ਅਲੀ, ਜੋਗਿੰਦਰ ਪਾਲ ਖਟਕੜ ਕਲਾਂ ,ਗੁਰਮੁਖ ਲੋਕ ਪ੍ਰੇਮੀ ਫਗਵਾੜਾ, ਅੰਮ੍ਰਿਤਪਾਲ ਬੰਗੇ ਆਦਿ ਗਾਇਕ ਕਲਾਕਾਰ ਗੀਤ ਸੰਗੀਤ ਦਾ ਰੰਗ ਭਰਨਗੇ।
ਜ਼ਿਕਰਯੋਗ ਹੈ ਕਿ ਬੱਬਰ ਅਕਾਲੀ ਪਿੰਡਾਂ ਅਤੇ ਪਰਿਵਾਰਾਂ ਦਾ ਪਹਿਲੀ ਨਵੰਬਰ ਦਿਨ ਵੇਲੇ ਮੇਲੇ 'ਚ ਸਨਮਾਨ ਕੀਤਾ ਜਾਏਗਾ। ਮੇਲਾ ਤਿਆਰੀ ਵਜੋਂ ਇਨ੍ਹਾਂ ਪਿੰਡਾਂ 'ਚ ਸੰਪਰਕ ਮੁਹਿੰਮ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਬੱਬਰਾਂ ਦੇ ਪਿੰਡਾਂ ਵੱਲੋਂ ਹੀ ਇਸ ਵਾਰ ਮੇਲੇ 'ਚ ਲੰਗਰ ਦੀ ਸੇਵਾ ਨਿਭਾਉਣ ਲਈ ਅੱਗੇ ਆਉਣ 'ਤੇ ਅੱਜ ਦੀ ਮੀਟਿੰਗ 'ਚ ਬੱਬਰਾਂ ਦੇ ਪਿੰਡਾਂ ਦਾ ਧੰਨਵਾਦ ਕੀਤਾ ਗਿਆ।
ਅੱਜ ਦੀ ਮੀਟਿੰਗ 'ਚ ਪਾਸ ਵਿਸ਼ੇਸ਼ ਮਤੇ ਰਾਹੀਂ ਮੰਗ ਕੀਤੀ ਗਈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਕਹਿਣ ਅਤੇ ਹਮਲਾ ਕਰਨ ਵਾਲੇ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ 'ਤੇ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਏ। ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨਾਲ ਛੇੜਛਾੜ ਬੰਦ ਕਰਕੇ ਉਸਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦਿੱਤਾ ਜਾਏ। ਮੀਟਿੰਗ ਉਪਰੰਤ ਪ੍ਰੈਸ ਨੂੰ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ।