ਜਲੰਧਰ ’ਚ ਬਣਵਾਓ ਲਾਇਸੈਂਸ, ਫਿਰ ਦੂਜੇ ਸ਼ਹਿਰਾਂ ਦੇ ਕੱਟੋ ਚੱਕਰ! ਜਲੰਧਰ ’ਚ ਬਣਵਾਓ ਲਾਇਸੈਂਸ, ਫਿਰ ਦੂਜੇ ਸ਼ਹਿਰਾਂ ਦੇ ਕੱਟੋ ਚੱਕਰ!
Publish Date: Thu, 08 Oct 2026 08:36 PM (IST)
Updated Date: Thu, 08 Oct 2026 08:38 PM (IST)
---ਲਰਨਿੰਗ ਲਾਇਸੈਂਸ ਜਲੰਧਰ ਤੋਂ, ਪੱਕਾ ਬਣਾਉਣ ਲਈ ਫਿਲੌਰ ---ਹੈਵੀ ਲਾਇਸੈਂਸ ਵਾਲਿਆਂ ਨੂੰ ਵੈਰੀਫਿਕੇਸ਼ਨ ਲਈ ਵੀ ਨਵਾਂ ਫ਼ਰਮਾਨ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਮੌਸਮ ਦੀ ਖ਼ਰਾਬੀ, ਕਦੇ ਬਿਜਲੀ ਜਾਣ ਤੋਂ ਬਾਅਦ ਜਨਰੇਟਰ ਨਾ ਚੱਲਣਾ ਤੇ ਕਦੇ ਤਪਦੀ ਗਰਮੀ ’ਚ ਲੰਮੀਆਂ ਕਤਾਰਾਂ ’ਚ ਖੜ੍ਹੇ ਰਹਿਣ ਤੋਂ ਬਾਅਦ ਹੁਣ ਲਾਇਸੈਂਸ ਦੀ ਪ੍ਰਕਿਰਿਆ ਨੂੰ ਲੈ ਕੇ ਇਕ ਨਵਾਂ ਪੇਚ ਸਾਹਮਣੇ ਆ ਗਿਆ ਹੈ। ਲੋਕਾਂ ਦਾ ਦੋਸ਼ ਹੈ ਕਿ ਜਲੰਧਰ ’ਚ ਲਰਨਿੰਗ ਲਾਇਸੈਂਸ ਬਣਵਾਉਣ ਤੇ ਹੈਵੀ ਲਾਇਸੈਂਸ ਨਾਲ ਸਬੰਧਤ ਪ੍ਰਕਿਰਿਆ ਪੂਰੀ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਪੱਕੇ ਲਾਇਸੈਂਸ ਤੇ ਵੈਰੀਫਿਕੇਸ਼ਨ ਲਈ ਦੂਜੇ ਸ਼ਹਿਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ------------------------------ ਲਰਨਿੰਗ ਜਲੰਧਰ ਤੋਂ ਪੱਕੇ ਲਈ ਫਿਲੌਰ -ਲੋਕਾਂ ਮੁਤਾਬਕ ਜਿਨ੍ਹਾਂ ਨੇ ਜਲੰਧਰ ਤੋਂ ਲਰਨਿੰਗ ਲਾਇਸੈਂਸ ਬਣਵਾਏ ਸਨ, ਉਨ੍ਹਾਂ ਨੂੰ ਹੁਣ ਪੱਕਾ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਜਲੰਧਰ ’ਚ ਸਹੂਲਤ ਦੇਣ ਦੀ ਬਜਾਏ ਫਿਲੌਰ ਭੇਜੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਲਰਨਿੰਗ ਲਾਇਸੈਂਸ ਜਲੰਧਰ ਤੋਂ ਬਣਿਆ, ਫੀਸ ਵੀ ਜਲੰਧਰ ’ਚ ਜਮ੍ਹਾਂ ਹੋਈ ਤਾਂ ਪੱਕੇ ਲਾਇਸੈਂਸ ਦੀ ਪ੍ਰਕਿਰਿਆ ਲਈ ਫਿਲੌਰ ਜਾਣ ਦੀ ਲੋੜ ਕਿਉਂ ਪੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ’ਚ ਕੱਟੀ ਗਈ ਫੀਸ ਨੂੰ ਫਿਲੌਰ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਵਾਧੂ ਸਫ਼ਰ, ਸਮਾਂ ਤੇ ਖਰਚਾ ਝੱਲਣਾ ਪੈ ਰਿਹਾ ਹੈ। --------------------------- ਹੈਵੀ ਲਾਇਸੈਂਸ ਵਾਲਿਆਂ ਦੀ ਵੀ ਵੱਖਰੀ ਪਰੇਸ਼ਾਨੀ ਇਸੇ ਦੌਰਾਨ ਹੈਵੀ ਲਾਇਸੈਂਸ ਵਾਲੇ ਲੋਕਾਂ ਦੀ ਵੀ ਇਕ ਹੋਰ ਸਮੱਸਿਆ ਸਾਹਮਣੇ ਆ ਰਹੀ ਹੈ। ਜਿਨ੍ਹਾਂ ਲੋਕਾਂ ਦੀ ਹੈਵੀ ਲਾਇਸੈਂਸ ਲਈ ਫੋਟੋ ਜਲੰਧਰ ’ਚ ਹੋਈ ਸੀ, ਉਨ੍ਹਾਂ ਨੂੰ ਹੁਣ ਕਿਹਾ ਜਾ ਰਿਹਾ ਹੈ ਕਿ “ਜਿਸ ਸ਼ਹਿਰ ਦਾ ਤੁਹਾਡਾ ਲਾਇਸੈਂਸ ਹੈ, ਉੱਥੋਂ ਲਾਇਸੈਂਸ ਦੀ ਆਨਲਾਈਨ ਵੈਰੀਫਿਕੇਸ਼ਨ ਕਢਵਾ ਕੇ ਲਿਆਓ।” ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਆਨਲਾਈਨ ਵੈਰੀਫਿਕੇਸ਼ਨ ਜਲੰਧਰ ਤੋਂ ਹੀ ਨਿਕਲ ਜਾਂਦੀ ਸੀ। ਹੁਣ ਅਚਾਨਕ ਪ੍ਰਕਿਰਿਆ ਬਦਲਣ ਕਾਰਨ ਲਾਇਸੈਂਸ ਧਾਰਕਾਂ ਨੂੰ ਮੁੜ ਦੂਜੇ ਸ਼ਹਿਰਾਂ ਦੇ ਦਫ਼ਤਰਾਂ ’ਚ ਜਾਣਾ ਪੈ ਰਿਹਾ ਹੈ ਪਰ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਇਕ ਪੁਰਾਣੇ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ। -------------------------- ਆਰਟੀਓ ਜਲੰਧਰ ਦੇ ਸਾਈਨ ਪਰ ਫਿਰ ਵੀ... ਹੈਰਾਨੀ ਦੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਇਨ੍ਹਾਂ ਹੈਵੀ ਲਾਇਸੈਂਸਾਂ ਦੇ ਪਿੱਛੇ ਆਰਟੀਓ ਜਲੰਧਰ ਦੇ ਦਸਤਖ਼ਤ ਮੌਜੂਦ ਹਨ। ਫੋਟੋ ਵੀ ਜਲੰਧਰ ’ਚ ਹੋਈ ਤੇ ਲਾਇਸੈਂਸ ਨਾਲ ਸਬੰਧਤ ਪ੍ਰਕਿਰਿਆ ਜਲੰਧਰ ’ਚ ਪੂਰੀ ਹੋਈ, ਇਸ ਦੇ ਬਾਵਜੂਦ ਲੋਕਾਂ ਨੂੰ ਹੁਣ ਆਨਲਾਈਨ ਵੈਰੀਫਿਕੇਸ਼ਨ ਲਈ ਸਬੰਧਤ ਸ਼ਹਿਰ ਤੋਂ ਵੈਰੀਫਿਕੇਸ਼ਨ ਕਢਵਾਉਣ ਲਈ ਕਿਹਾ ਜਾ ਰਿਹਾ ਹੈ। ਇਸ ਨਾਲ ਲਾਇਸੈਂਸਧਾਰਕਾਂ ’ਚ ਰੋਸ ਹੈ। ----------------------------- ਹੁਣ ਲਾਇਸੈਂਸ ਲਈ ਨਵਾਂ ਪੇਚ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਪਿਛਲੇ ਸਮੇਂ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਲਰਨਿੰਗ ਲਾਇਸੈਂਸ ਜਲੰਧਰ ਤੋਂ ਬਣਵਾਉਣ ਵਾਲਿਆਂ ਨੂੰ ਪੱਕੇ ਲਾਇਸੈਂਸ ਲਈ ਫਿਲੌਰ ਭੇਜਣ ਤੇ ਹੈਵੀ ਲਾਇਸੈਂਸ ਵਾਲਿਆਂ ਨੂੰ ਵੈਰੀਫਿਕੇਸ਼ਨ ਲਈ ਸਬੰਧਤ ਸ਼ਹਿਰ ਭੇਜਣ ਦੀਆਂ ਸ਼ਿਕਾਇਤਾਂ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। --------------------------------- ਏਟੀਓ ਸੰਦੀਪ ਭਾਰਤੀ ਨੇ ਨਹੀਂ ਚੁੱਕਿਆ ਫੋਨ ਇਸ ਸਬੰਧੀ ਏਟੀਓ ਸੰਦੀਪ ਭਾਰਤੀ ਨਾਲ ਗੱਲ ਕਰਕੇ ਮਾਮਲੇ ਸਬੰਧੀ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨਾਲ ਸੰਪਰਕ ਤਾਂ ਕੀਤਾ ਗਿਆ ਪਰ ਉਨ੍ਹਾਂ ਨੇ ਇਸ ਮਾਮਲੇ ’ਤੇ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ। ਇਸ ਕਾਰਨ ਇਸ ਸਬੰਧੀ ਵਿਭਾਗ ਵੱਲੋਂ ਕੋਈ ਅਧਿਕਾਰਤ ਪੱਖ ਸਾਹਮਣੇ ਨਹੀਂ ਆ ਸਕਿਆ।