
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੱਤਕਾ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ, ਅਨੁਸ਼ਾਸਨ ਤੇ ਸਰੀਰਕ ਤੰਦਰੁਸਤੀ ਨਾਲ ਜੋੜਦਾ: ਬਾਬਾ ਸੁਰਜੀਤ ਸਿੰਘ

ਸੀਚੇਵਾਲ ਸਕੂਲ ਨੇ ਓਵਰਆਲ ਟਰਾਫੀ 'ਤੇ ਕੀਤਾ ਕਬਜ਼ਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਸਿੱਖ ਕੌਮ ਦੀ ਅਮੀਰ ਵਿਰਾਸਤ ਨਾਲ ਜੁੜੀ ਰਵਾਇਤੀ ਅਤੇ ਮਾਣਮੱਤੀ ਖੇਡ ਗੱਤਕਾ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨ ਦੀ ਲੋੜ ਹੈ। ਗੱਤਕਾ ਸਿਰਫ਼ ਇੱਕ ਖੇਡ ਹੀ ਨਹੀਂ, ਸਗੋਂ ਸਿੱਖ ਇਤਿਹਾਸ, ਸੂਰਬੀਰਤਾ, ਅਨੁਸ਼ਾਸਨ ਅਤੇ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਇਹ ਵਿਚਾਰ ਬਾਬਾ ਸੁਰਜੀਤ ਸਿੰਘ ਸੀਚੇਵਾਲ ਨੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਵਿਖੇ ਕਨਵੀਨਰ ਕਮ ਪ੍ਰਿੰਸੀਪਲ ਸਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਜ਼ਿਲ੍ਹਾ ਪਧਰੀ ਗਤਕਾ ਟੂਰਨਾਮੈਂਟ ਦੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ-ਨਾਲ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਿੱਤੀ ਗਈ ਹੈ। ਗੱਤਕਾ ਇਸੇ ਸੂਰਬੀਰ ਅਤੇ ਅਨੁਸ਼ਾਸਿਤ ਜੀਵਨ-ਜਾਚ ਦਾ ਅਹਿਮ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਨ ਲਈ ਗੱਤਕਾ ਵਰਗੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਅੰਤਰਰਾਸ਼ਟਰੀ ਗਤਕਾ ਕੋਚ ਅਤੇ ਕੌਂਸਲਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ 14, 17 ਅਤੇ 19 ਸਾਲ ਉਮਰ ਵਰਗ ਦੇ ਮੁੰਡੇ ਅਤੇ ਕੁੜੀਆਂ ਦੇ ਗਤਕੇ ਦੇ ਵੱਖ ਵੱਖ ਈਵੈਂਟਸ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ 65 ਗੋਲਡ ਮੈਡਲ 16 ਸਿਲਵਰ ਮੈਡਲ ਅਤੇ 6 ਤਾਂਬੇ ਦੇ ਤਗਮੇ ਜਿੱਤ ਕੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ। ਸੀਚੇਵਾਲ ਸਕੂਲ ਦੇ 65 ਖਿਡਾਰੀ ਲੁਧਿਆਣਾ ਵਿਖੇ ਹੋ ਰਹੀ ਸੂਬਾ ਪਧਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ। ਇਸ ਮੌਕੇ ਪ੍ਰੋ. ਤਜਿੰਦਰ ਸਿੰਘ, ਗੁਰਵਿੰਦਰ ਕੌਰ ਗੱਤਕਾ ਕੋਚ, ਡਾ.ਹੀਨਾ ਕੁਮਾਰੀ ਡੀ.ਪੀ.ਈ ਸਹਸ ਮੂੰਡੀ ਕਾਸੂ ਆਦਿ ਹਾਜ਼ਰ ਸਨ।