ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ ਸਮਾਗਮ ਲਈ ਤਲਵੰਡੀ ਸਲੇਮ ’ਚ ਇਕੱਤਰਤਾ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ ਸਮਾਗਮ ਲਈ ਤਲਵੰਡੀ ਸਲੇਮ 'ਚ ਇਕੱਤਰਤਾ
Publish Date: Wed, 19 Aug 2026 06:35 PM (IST)
Updated Date: Wed, 19 Aug 2026 06:36 PM (IST)
ਲੋਕ ਜਥੇਬੰਦੀਆਂ ਵੱਲੋਂ ਹੱਥ ਪਰਚਾ ਤੇ ਇਸ਼ਤਿਹਾਰ ਲੋਕ ਅਰਪਣ ਪਾਸ਼ ਲਾਇਬ੍ਰੇਰੀ ਲਈ ਦੇਸ਼ ਭਗਤ ਹਾਲ ਵੱਲੋਂ ਕਿਤਾਬਾਂ ਭੇਂਟ ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਉੱਚ ਕੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ 76ਵੇਂ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ’ਚ ਸਮਾਗਮ ਕਰਨ ਲਈ ਅੱਜ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਲਈ ਜਿਥੇ ਠੋਸ ਵਿਉਂਤਬੰਦੀ ਬਣਾਈ ਗਈ, ਉੱਥੇ ਪਾਸ਼ -ਹੰਸ ਰਾਜ ਯਾਦਗਾਰੀ ਕੰਪਲੈਕਸ ਵਿਖੇ ਸਮਾਗਮ ਦਾ ਪੋਸਟਰ ਤੇ ਪ੍ਰਚਾਰ ਲਈ ਹੱਥ ਪਰਚਾ ਜਾਰੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁਹੰਚੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਸਭਿਆਚਾਰਕ ਵਿੰਗ ਦੇ ਕਨਵੀਨਰ ਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਵੱਲੋਂ ਪਾਸ਼ ਯਾਦਗਾਰੀ ਲਾਇਬ੍ਰੇਰੀ ਵਾਸਤੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਭੇਜੀਆਂ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ। ਮੀਟਿੰਗ ’ਚ ਸ਼ਾਮਲ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਐਡਵੋਕੇਟ ਸੁਰਿੰਦਰ ਖੀਵਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਹਰ ਸਾਲ ਸਾਹਿਤਕਾਰਾਂ ਬੁੱਧੀਜੀਵੀਆਂ ਵੱਲੋਂ 9 ਸਤੰਬਰ, ਪਾਸ਼ ਦਾ ਜਨਮ ਦਿਨ ‘ਕਵਿਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸਮਾਗਮ, ਲੇਖਕਾਂ, ਬੁੱਧੀਜੀਵੀਆਂ, ਮਜ਼ਦੂਰਾਂ ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਇਕੱਠਿਆਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਵੱਡਾ ਜਨਤਕ ਇਕੱਠ, ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਤੇ ਨਾਟਕਕਾਰ ਤੇ ਵਿਦਵਾਨ ਡਾਕਟਰ ਸਵਰਾਜਬੀਰ ਵਲੋਂ ਪਾਸ਼ ਦੀਆਂ ਕਵਿਤਾਵਾਂ ਦੇ ਆਧਾਰਤ ਨਾਟਕ ਖੇਡਿਆ ਜਾਵੇਗਾ ਤੇ ਪੰਜਾਬ ਦੀਆਂ ਪ੍ਰਸਿੱਧ ਸੰਗੀਤ ਮੰਡਲੀਆਂ ਵੱਲੋਂ ਪਾਸ਼ ਦੀ ਸ਼ਾਇਰੀ ਨੂੰ ਗੀਤਾਂ ਰਾਹੀਂ ਪੇਸ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਮੌਕੇ ਲੇਖਕਾਂ/ਬੁੱਧੀਜੀਵੀਆਂ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵਲੋਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ਦੀ ਸਫ਼ਲਤਾ ਲਈ ਇਲਾਕੇ ਦੇ ਪਿੰਡਾਂ, ਕਸਬਿਆਂ ’ਚ ਜ਼ੋਰਦਾਰ ਮੁਹਿੰਮ ਚਲਾਈ ਜਾਵੇਗੀ। ਅੱਜ ਦੀ ਮੀਟਿੰਗ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਕੰਪਲੈਕਸ ਅੰਦਰ ਲਾਈ ਓਪਨ ਜਿਮ ਨੂੰ ਤੁਰੰਤ ਉੱਥੋਂ ਹਟਾਇਆ ਜਾਵੇ ਤੇ ਯਾਦਗਾਰ ਨੂੰ ਸ਼ਹੀਦੀ ਯਾਦਗਾਰ ਵਜੋਂ ਮਾਨਤਾ ਦਿੱਤੀ ਜਾਵੇ। ਅੱਜ ਦੀ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਸਤਨਾਮ ਉੱਗੀ, ਹਰਪਾਲ ਬਿੱਟੂ, ਮਾਸਟਰ ਬਲਦੇਵ ਸਿੰਘ ਉੱਗੀ, ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਚਾ, ਮਲਕੀਅਤ ਸਿੰਘ ਈਦਾ, ਅਵਤਾਰ ਉੱਗੀ, ਬਲਦੇਵ ਰਾਜ ਮਾਲੜੀ, ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾ.ਮੰਗਤ ਔਜਲਾ ਤੇ ਗੁਰਮੀਤ ਸਿੰਘ ਕੋਟਲੀ ਵੀ ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਲਈ ਸ਼ੁੱਭ ਕਾਮਨਾਵਾਂ ਭੇਜਣ ਵਾਲਿਆਂ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ.), ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਅਵਤਾਰ ਪਾਸ਼ ਯਾਦਗਾਰੀ ਟਰੱਸਟ ਦੇ ਪਾਵੇਲ ਕੁੱਸਾ ਤੇ ਡਾ. ਪਰਮਿੰਦਰ ਸ਼ਾਮਲ ਹਨ।