ਅਣਐਲਾਨੇ ਬਿਜਲੀ ਕੱਟਾਂ ’ਤੇ ਭੜਕੇ ਗੜ੍ਹਦੀਵਾਲਾ ਅਣਐਲਾਨੇ ਬਿਜਲੀ ਕੱਟਾਂ ’ਤੇ ਭੜਕੇ ਗੜਦੀਵਾਲਾ
Publish Date: Tue, 15 Sep 2026 07:32 PM (IST)
Updated Date: Tue, 15 Sep 2026 07:35 PM (IST)
-ਕਿਹਾ-ਕਿਸਾਨਾਂ ਤੇ ਉਦਯੋਗਾਂ ਦਾ ਲੱਕ ਤੋੜ ਰਹੀ ਹੈ ਸਰਕਾਰ -ਮਾਣਕਰਾਏ ’ਚ ‘ਰੂਬਰੂ’ ਪ੍ਰੋਗਰਾਮ ਦੌਰਾਨ ਸਰਕਾਰ ’ਤੇ ਤਿੱਖੇ ਹਮਲੇ ਗੁਰਪਾਲ ਸਿੰਘ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੈਂਬਰ ਵਰਕਿੰਗ ਕਮੇਟੀ ਤੇ ਹਲਕਾ ਆਦਮਪੁਰ ਦੇ ਕੋਆਰਡੀਨੇਟਰ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਪਿੰਡ ਮਾਣਕਰਾਏ ਵਿਖੇ ‘ਲੋਕਾਂ ਨਾਲ ਰੂਬਰੂ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਬਿਜਲੀ ਦੀ ਅਨਿਯਮਿਤ ਸਪਲਾਈ ਨੇ ਕਿਸਾਨਾਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਝੋਨੇ ਦੀ ਫ਼ਸਲ ਪੱਕਣ ’ਤੇ ਹੋਣ ਦੇ ਬਾਵਜੂਦ ਬਿਜਲੀ ਦੀ ਘਾਟ ਕਾਰਨ ਸਿੰਚਾਈ ਪ੍ਰਭਾਵਿਤ ਹੋਣ ਤੇ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਗੜ੍ਹਦੀਵਾਲਾ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਉਦਯੋਗਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਬਜਾਏ ਅਧਿਕਾਰੀਆਂ ਦੇ ਤਬਾਦਲਿਆਂ ਤੱਕ ਸੀਮਤ ਹੈ। ਉਨ੍ਹਾਂ ਐਲਾਨ ਕੀਤਾ ਕਿ ‘ਲੋਕਾਂ ਨਾਲ ਰੂਬਰੂ’ ਮੁਹਿੰਮ ਤਹਿਤ ਹਲਕਾ ਆਦਮਪੁਰ ਦੇ ਹਰ ਪਿੰਡ ਤੇ ਸ਼ਹਿਰ ’ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਉਨ੍ਹਾਂ ਦੇ ਹੱਲ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਜਰਨੈਲ ਸਿੰਘ ਗੜਦੀਵਾਲਾ ਸਮੇਤ ਮੱਖਣ ਸਿੰਘ ਕਡਿਆਣਾ, ਜਸਵਿੰਦਰ ਸਿੰਘ ਜੌਹਲ ਤੇ ਅਮਨਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।