ਥਾਂ-ਥਾਂ ’ਤੇ ਪਏ ਕੂੜੇ ਨੇ ਜਨਤਾ ਦਾ ਹਾਲ ਕੀਤਾ ਬੇਹਾਲ : ਰਾਣਾ ਥਾਂ ਥਾਂ ’ਤੇ ਪਏ ਕੂੜੇ ਨੇ ਜਨਤਾ ਦਾ ਕੀਤਾ ਹਾਲੋ ਬੇਹਾਲ- ਰਾਣਾ
Publish Date: Sun, 23 Aug 2026 09:28 PM (IST)
Updated Date: Sun, 23 Aug 2026 09:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ਼ਹਿਰ ਅੰਦਰ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੀ ਮੌਜੂਦਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਸਰਕਾਰ ਦੇ ਸਤਾਏ ਹੋਏ ਮੁਲਾਜ਼ਮ ਪਿਛਲੇ ਚਾਰ ਦਿਨਾਂ ਤੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਕੂੜਾ ਸੁੱਟ ਕੇ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਦੂਜੇ ਪਾਸੇ ਸ਼ਹਿਰ ਦੀ ਆਮ ਜਨਤਾ ਦਾ ਸੜਕਾਂ ’ਤੇ ਚੱਲਣਾ ਬੇਹਾਲ ਹੋਇਆ ਪਿਆ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਆਪਣੀ ਟੀਮ ਨਾਲ ਵੱਖ-ਵੱਖ ਚੌਕਾਂ ਕਿਸ਼ਨਪੁਰਾ, ਲੰਮਾ ਪਿੰਡ, ਦੋਆਬਾ ਚੌਕ, ਪਠਾਨਕੋਟ ਚੌਕ ਦਾ ਦੌਰਾ ਕਰਕੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁਲਾਜ਼ਮ ਜਥੇਬੰਦੀਆਂ ਦੀ ਪੁਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਉਨਾਂ ਦੇ ਹੱਕੀ ਮਸਲੇ ਤੇ ਸਮੱਸਿਆਵਾਂ ਨੂੰ ਸਰਕਾਰ ਨੂੰ ਤੁਰੰਤ ਹੱਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਰਕਾਰਾਂ ਦੀ ਜਿੰਮੇਵਾਰੀ ਹੈ ਪਰ ਜਿਸ ਕਦਰ ਅੱਜ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗੇ ਹੋਣ ਕਰਕੇ ਰਾਹਗੀਰਾਂ ਨੂੰ ਆਉਣ-ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਜਲੰਧਰ ਦੇ ਮੇਅਰ ਵਨੀਤ ਧੀਰ, ਹਰਜੋਤ ਸਿੰਘ ਬੈਂਸ, ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਜਾ ਕੇ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਜਨਤਾ ਪਰੇਸ਼ਾਨ ਹੋਵੇ। ਇਸ ਮੌਕੇ ਉਨਾਂ ਨਾਲ ਸਤਿੰਦਰ ਸਿੰਘ ਪੀਤਾ, ਸੀਨੀਅਰ ਅਕਾਲੀ ਆਗੂ ਸਰਕਲ ਪ੍ਰਧਾਨ ਸੋਡਲ ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਕਿਸ਼ਨਪੁਰਾ, ਮਹਿੰਦਰ ਸਿੰਘ ਜੰਬਾ ਸਰਕਲ ਪ੍ਰਧਾਨ ਦਿਲਜੀਤ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੁਰਿੰਦਰ ਪਾਲ ਤੇ ਰਾਜਵੀਰ ਸਿੰਘ ਖਾਲਸਾ ਹਾਜ਼ਰ ਸਨ।