ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦੀ ਪੀਐੱਸਐੱਮਐੱਸਯੂ ਨੇ ਕੀਤੀ ਸਖ਼ਤ ਨਿਖੇਧੀ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦੀ ਪੀਐੱਸਐੱਮਐੱਸਯੂ ਨੇ ਕੀਤੀ ਸਖ਼ਤ ਨਿਖੇਧੀ
Publish Date: Sun, 16 Aug 2026 10:17 PM (IST)
Updated Date: Sun, 16 Aug 2026 10:17 PM (IST)
ਮੰਗਾਂ ਮੰਨਣ ਦੀ ਕੀਤੀ ਅਪੀਲ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਵੱਲੋਂ ਦਿੱਤੇ ਸੂਬਾ ਪੱਧਰੀ ਐਕਸ਼ਨ ਤਹਿਤ ਜ਼ਿਲ੍ਹਾ ਇਕਾਈ ਪੀਐੱਸਐੱਮਐੱਸਯੂ ਵੱਲੋਂ ਅੱਜ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸੰਘਰਸ਼ਸ਼ੀਲ ਮੁਲਾਜ਼ਮ ਜਥੇਬੰਦੀਆਂ ਨੂੰ ਐਂਟੀ ਸਟੇਟ ਕਹਿਣ ਦੇ ਵਿਰੋਧ ’ਚ ਜ਼ਿਲ੍ਹਾ ਪੱਧਰ ’ਤੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਦੇਸ਼ ਵਿਰੋਧੀ ਨਹੀਂ, ਸਗੋਂ ਮੁਲਾਜ਼ਮਾਂ ਦਾ ਲੋਕਤੰਤਰਿਕ ਤੇ ਸੰਵਿਧਾਨਕ ਹੱਕ ਹੈ। ਜਥੇਬੰਦੀ ਦੇ ਆਗੂਆਂ ਵਿਨੋਦ ਸਾਗਰ ਜ਼ਿਲ੍ਹਾ ਜਨਰਲ ਸਕੱਤਰ, ਜੋਰਾਵਰ ਸਿੰਘ ਚੇਅਰਮੈਨ, ਅਜਮੇਰ ਸਿੰਘ ਅਧਿਆਪਕ ਆਗੂਆਂ, ਰਿਸ਼ੀ ਕੁਮਾਰ ਨੇ ਵਿੱਤ ਮੰਤਰੀ ਪੰਜਾਬ ਦੇ ਉਕਤ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਐਂਟੀ ਸਟੇਟ ਕਹਿਣ ਵਾਲੇ ਸ਼ਬਦ ਤੁਰੰਤ ਵਾਪਸ ਲਏ ਜਾਣ। ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ 17 ਜੁਲਾਈ 2020 ਵਾਲਾ ਮੁਲਾਜ਼ਮ ਮਾਰੂ ਪੱਤਰ ਤੁਰੰਤ ਰੱਦ ਕਰ ਕੇ ਕਰਮਚਾਰੀਆਂ ਨੂੰ 31100 ਬੇਸਿਕ ਤਨਖਾਹ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਵੇ, ਏਸੀਪੀ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 2.59 ਦੇ ਗੁਣਾਂਕ ਨਾਲ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ, ਪਰਖ ਕਾਲ ਦੌਰਾਨ ਮੁਲਾਜ਼ਮਾਂ ਨੂੰ ਪੂਰੇ ਤਨਖਾਹੀ ਭੱਤੇ ਦਿੱਤੇ ਜਾਣ, ਬਰਾਬਰ ਕੰਮ ਲਈ ਬਰਾਬਰ ਉਜਰਤ ਦਿੱਤੀ ਜਾਵੇ, ਬੰਦ ਕੀਤੇ ਗਏ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡੀਏ ਸਬੰਧੀ ਫੈਸਲੇ ਨੂੰ ਤੁਰੰਤ ਲਾਗੂ ਕਰਕੇ ਬਣਦਾ ਮਹਿੰਗਾਈ ਭੱਤਾ ਤੇ ਬਕਾਇਆ ਜਾਰੀ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਹਰਮਨ, ਜਸਵੰਤ ਸਿੰਘ, ਹਰਭਜਨ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਭਾਰਤੀ, ਸੁਖਜੀਤ ਸਿੰਘ ਸਿੱਖਿਆ ਵਿਭਾਗ ਤੇ ਵੱਖ-ਵੱਖ ਵਿਭਾਗਾਂ ਤੋਂ ਮੁਲਾਜ਼ਮ ਸਾਥੀ ਹਾਜ਼ਰ ਆਏ।