ਪਾਕਿਸਤਾਨ ਤੋਂ ਭਾਰਤ ਆ ਕੇ ਸ਼ੁਰੂ ਕੀਤੀ ਨਵੀਂ ਜ਼ਿੰਦਗੀ, ਚੋਣ ਹਾਰਨ ਤੋਂ ਲੈ ਕੇ ਪੰਜਾਬ 'ਚ ਮੰਤਰੀ ਬਣਨ ਤੱਕ; ਅਜਿਹਾ ਰਿਹਾ ਭਗਤ ਚੁੰਨੀ ਲਾਲ ਦਾ ਸਿਆਸੀ ਸਫ਼ਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂ ਭਗਤ ਚੁੰਨੀ ਲਾਲ ਦਾ 93 ਸਾਲ ਦੀ ਉਮਰ 'ਚ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਉਹ ਪੰਜਾਬ ਦੇ ਮੌਜੂਦਾ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਸਨ। ਮੋਹਿੰਦਰ ਭਗਤ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੇ ਦਿਹਾਂਤ ’ਤੇ ਸੂਬੇ ਦੀਆਂ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
Publish Date: Thu, 10 Sep 2026 10:20 AM (IST)
Updated Date: Thu, 10 Sep 2026 10:50 AM (IST)
ਡਿਜੀਟਲ ਡੈਸਕ, ਜਲੰਧਰ - ਪੰਜਾਬ ਦੀ ਰਾਜਨੀਤੀ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਹੇ ਭਗਤ ਚੁੰਨੀ ਲਾਲ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਜਲੰਧਰ-ਪਠਾਨਕੋਟ ਰੋਡ 'ਤੇ ਸਥਿਤ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ-ਇਲਾਜ ਸਨ, ਜਿੱਥੇ ਤਕਰੀਬਨ ਅੱਧੀ ਰਾਤ 12:30 ਵਜੇ ਉਨ੍ਹਾਂ ਨੇ ਅੰਤਿਮ ਸਾਹ ਲਏ। ਉਨ੍ਹਾਂ ਦੇ ਦੇਹਾਂਤ ’ਤੇ ਸੂਬੇ ਦੀਆਂ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਕਿਹੋ ਜਿਹਾ ਰਿਹਾ ਸ਼ੁਰੂਆਤੀ ਜੀਵਨ? ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਸਿਆਲਕੋਟ (ਉਸ ਸਮੇਂ ਬ੍ਰਿਟਿਸ਼ ਭਾਰਤ, ਹੁਣ ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਮਹਿੰਗਾ ਰਾਮ ਅਤੇ ਮਾਤਾ ਦਾ ਨਾਮ ਰੁਕਮਣੀ ਦੇਵੀ ਸੀ। ਦੇਸ਼ ਦੀ ਵੰਡ ਸਮੇਂ ਉਹ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਏ ਅਤੇ ਪੰਜਾਬ ਦੇ ਜਲੰਧਰ 'ਚ ਵੱਸ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ।
ਭਗਤ ਚੁੰਨੀ ਲਾਲ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰੋਬਾਰ 'ਚ ਕਦਮ ਰੱਖਿਆ। ਉਨ੍ਹਾਂ ਨੇ ਵਪਾਰ ਦੇ ਖੇਤਰ 'ਚ ਆਪਣੀ ਵੱਖਰੀ ਪਛਾਣ ਬਣਾਈ ਅਤੇ ‘ਸ਼ੀਲਾ ਸਪੋਰਟਸ’ ਦੇ ਨਾਮ ਨਾਲ ਕਾਰੋਬਾਰ ਸਥਾਪਤ ਕਰਕੇ ਦੌਲਤ ਅਤੇ ਨਾਮ ਦੋਵੇਂ ਕਮਾਏ।
ਕਿਹੋ ਜਿਹਾ ਰਿਹਾ ਸਿਆਸੀ ਸਫ਼ਰ?
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਨੇ ਪਹਿਲੀ ਵਾਰ ਸਾਲ 1985 'ਚ ਜਲੰਧਰ ਦੱਖਣੀ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਹਾਲਾਂਕਿ ਇਸ ਚੋਣ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਾਲ 1997 ਅਤੇ 2007 'ਚ ਭਾਜਪਾ ਦੀ ਟਿਕਟ ’ਤੇ ਜਲੰਧਰ ਦੱਖਣੀ ਸੀਟ ਤੋਂ ਜਿੱਤ ਹਾਸਲ ਕੀਤੀ। ਹੱਦਬੰਦੀ ਤੋਂ ਬਾਅਦ ਜਦੋਂ ਇਹ ਸੀਟ ਜਲੰਧਰ ਪੱਛਮੀ ਬਣ ਗਈ ਤਾਂ ਉਨ੍ਹਾਂ ਨੇ 2012 ਦੀਆਂ ਚੋਣਾਂ 'ਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ।
ਬਾਦਲ ਸਰਕਾਰ 'ਚ ਰਹੇ ਮੰਤਰੀ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੌਰਾਨ ਉਹ ਕੈਬਨਿਟ ਮੰਤਰੀ ਵੀ ਰਹੇ। ਸਾਲ 2012 ਤੋਂ 2017 ਤੱਕ ਉਨ੍ਹਾਂ ਨੇ ਜੰਗਲਾਤ ਅਤੇ ਜੰਗਲੀ ਜੀਵ, ਕਿਰਤ ਸਮੇਤ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਸਾਲ 2017 'ਚ ਉਨ੍ਹਾਂ ਨੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ।