- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਮਹਿਲ ਰੋਡ ’ਤੇ ਹਰੀਪੁਰ ਫਾਟਕ ਨੇੜੇ ਕੰਟੇਨਰ ਦੀ ਬਰੇਕ ਫੇਲ੍ਹ ਹੋਣ ਕਾਰਨ ਵੱਡਾ ਹਾਦਸਾ, ਚਾਰ ਵਾਹਨ ਨੁਕਸਾਨੇ ਗਏ

ਰੇਸ਼ਮ ਲਾਲ/ਨਵਦੀਪ ਸਿੰਘ, ਪੰਜਾਬੀ ਜਾਗਰਣ, ਫਿਲੌਰ :
ਨੂਰਮਹਿਲ ਰੋਡ ’ਤੇ ਹਰੀਪੁਰ ਫਾਟਕ ਨੇੜੇ ਰੇਲਵੇ ਫਾਟਕ ਬੰਦ ਹੋਣ ਕਾਰਨ ਸੜਕ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ। ਇਸ ਦੌਰਾਨ ਪਿੱਛੋਂ ਆ ਰਹੇ ਇਕ ਕੰਟੇਨਰ ਦੀ ਅਚਾਨਕ ਬਰੇਕ ਫੇਲ੍ਹ ਹੋ ਗਈ, ਜਿਸ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ ਤੇ ਕਈ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ’ਚ ਸ਼ਾਮਲ ਕਰੈਟਾ ਗੱਡੀ (ਨੰਬਰ ਪੀਬੀ-08-ਐੱਫਆਰ-2647) ਦੇ ਮਾਲਕ ਰਾਮ ਨਰਾਇਣ ਗੁਪਤਾ ਨੇ ਦੱਸਿਆ ਕਿ ਉਹ ਫਾਟਕ ਬੰਦ ਹੋਣ ਕਾਰਨ ਆਪਣੀ ਗੱਡੀ ਸਮੇਤ ਲਾਈਨ ’ਚ ਖੜ੍ਹੇ ਸਨ। ਪਿੱਛੋਂ ਤੇਜ਼ ਰਫ਼ਤਾਰ ਕੰਟੇਨਰ ਆਇਆ ਤੇ ਦੋ ਗੱਡੀਆਂ ਨੂੰ ਆਪਣੇ ਨਾਲ ਘੜੀਸਦਾ ਹੋਇਆ ਅੱਗੇ ਵਧ ਗਿਆ, ਜੋ ਅੱਗੇ ਜਾ ਕੇ ਗਾਡਰਾਂ ਨਾਲ ਲੱਦੇ ਇਕ ਮੋਟਰਸਾਈਕਲ ਰੇਹੜੇ ਨਾਲ ਜਾ ਟਕਰਾਇਆ। ਟੱਕਰ ਕਾਰਨ ਰੇਹੜੇ ’ਤੇ ਲੱਦੇ ਗਾਡਰ ਡਿੱਗ ਕੇ ਤੀਜੀ ਗੱਡੀ ਦੀ ਤਾਕੀ ’ਚ ਜਾ ਵੱਜੇ ਤੇ ਮੋਟਰਸਾਈਕਲ ਰੇਹੜਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਇਸ ਹਾਦਸੇ ’ਚ ਕਰੇਟਾ ਗੱਡੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਨੁਕਸਾਨੇ ਗਏ ਵਾਹਨਾਂ ’ਚ ਕਰੈਟਾ, ਹੈਰੀਅਰ, ਸਕਾਰਪਿਓ ਤੇ ਗਾਡਰਾਂ ਵਾਲਾ ਮੋਟਰਸਾਈਕਲ ਰੇਹੜਾ ਸ਼ਾਮਲ ਹਨ।