ਨੌਜਵਾਨਾਂ ’ਤੇ ਹਮਲਾ ਕਰ ਕੇ ਗੋਲ਼ੀਆਂ ਚਲਾਉਣ ਵਾਲੇ 4 ਕਾਬੂ
ਨੌਜਵਾਨਾਂ ਉੱਪਰ ਹਮਲਾ ਕਰਕੇ ਗੋਲੀਆਂ ਚਲਾਉਣ ਵਾਲੇ ਚਾਰ ਕਾਬੂ
Publish Date: Tue, 31 Mar 2026 07:21 PM (IST)
Updated Date: Wed, 01 Apr 2026 04:14 AM (IST)
-ਰਿਵਾਲਵਰ ਤੇ ਜ਼ਿੰਦਾ ਕਾਰਤੂਸ ਬਰਾਮਦ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਤੇ ਥਾਣਾ ਨੰਬਰ ਇਕ ਦੀ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਪਿਛਲੇ ਦਿਨੀ ਤਿੰਨ ਨੌਜਵਾਨਾਂ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਤੇ ਬਾਅਦ ’ਚ ਹਵਾ ’ਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਕੋਲੋਂ ਵਾਰਦਾਤ ’ਚ ਵਰਤਿਆ ਗਿਆ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਥਾਣਾ ਨੰਬਰ ਇਕ ਦੇ ਏਐੱਸਆਈ ਸਾਹਿਬ ਸਿੰਘ ਨੂੰ ਨੀਰਜ ਉਰਫ ਕਾਲੀ ਵਾਸੀ ਆਰਿਆ ਨਗਰ ਨੇ ਸ਼ਿਕਾਇਤ ਦਿੱਤੀ ਸੀ ਕਿ 26 ਮਾਰਚ ਰਾਤ 9 ਵਜੇ ਦੇ ਕਰੀਬ ਉਹ ਆਪਣੇ ਦੋਸਤਾਂ ਦੀਪਕ ਤੇ ਅਕਸ਼ੇ ਵਾਸੀ ਅਮਰ ਨਗਰ ਨਾਲ ਟਾਇਲਾਂ ਵਾਲੇ ਗੋਦਾਮ ਕੋਲੋਂ ਲੰਘ ਰਹੇ ਸਨ।
ਇਸ ਦੌਰਾਨ ਮੋਟਰਸਾਈਕਲਾਂ ਉੱਪਰ ਸੰਧੂ, ਸੁੱਖਾ, ਚੁਟਕੀ, ਮੇਮਨਾ ਤੇ ਜੈਰੀ ਉਨਾਂ ਕੋਲ ਆਏ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨਾਂ ਨੂੰ ਬੁਰੀ ਤਰ੍ਹਾਂ ਜਖਮੀ ਕਰਨ ਤੋਂ ਬਾਅਦ ਸੰਧੂ ਨੇ ਜੇਬ ’ਚੋਂ ਰਿਵਾਲਵਰ ਕੱਢ ਕੇ ਹਵਾ ’ਚ ਗੋਲੀਆਂ ਚਲਾਈਆਂ ਤੇ ਇਲਾਕੇ ’ਚ ਦਹਿਸ਼ਤ ਪੈਦਾ ਕਰ ਦਿੱਤੀ। ਪੁਲਿਸ ਨੇ ਥਾਣਾ ਇਕ ’ਚ ਉਕਤ ਮੁਲਜਮਾਂ ਖਿਲਾਫ ਧਾਰਾ 109 126(2) 115(2) 118(1) 351(3) 191(3) 190 ਬੀਐੱਨਐੱਸ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਤੇ ਥਾਣਾ ਇਕ ਦੇ ਇੰਚਾਰਜ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਦਿੱਤੀ। ਪੁਲਿਸ ਵੱਲੋਂ ਇਸ ਮਾਮਲੇ ’ਚ ਸਾਂਝੀ ਕਾਰਵਾਈ ਕਰਦੇ ਹੋਏ ਇਸ ਮਾਮਲੇ ’ਚ ਸਾਹਿਲ ਉਰਫ ਸੰਧੂ ਵਾਸੀ ਰਾਜਨਗਰ, ਮੋਹਿਤ ਉਰਫ ਚੁਟਕੀ ਵਾਸੀ ਗੋਪਾਲ ਨਗਰ ਹਾਲ ਵਾਸੀ ਭਾਟੜਾ ਮਹੱਲਾ, ਰੋਹਿਤ ਉਰਫ ਮੇਮਨਾ ਵਾਸੀ ਗਾਂਧੀ ਕੈਂਪ ਤੇ ਜੈਰੀ ਖੋਸਲਾ ਵਾਸੀ ਮਧਬਨ ਕੀਲੋਨੀ ਨੂੰ ਗ੍ਰਿਫਤਾਰ ਕਰ ਕੇ ਉਨਾਂ ਦੇ ਕਬਜ਼ੇ ’ਚੋਂ ਇਕ ਰਿਵਾਲਵਰ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਫੜੇ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।