- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਐੱਚ-44 ਤੋਂ ਬੰਗਾ-ਫਿਲੌਰ ਰੋਡ ਨੂੰ ਜੋੜਨ ਵਾਲੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ

-ਕਿਹਾ, ਸੂਬਾ ਸਰਕਾਰ ਸ਼ਹਿਰਾਂ ’ਚ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਤੇ ਵੱਡੇ ਪੱਧਰ 'ਤੇ ਜਾਰੀ ਕੀਤੀਆਂ ਜਾ ਰਹੀਆਂ ਨੇ ਗ੍ਰਾਂਟਾਂ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ), ਪੰਜਾਬ ਵੱਲੋਂ ਐੱਨਐੱਚ-44 ਤੋਂ ਬੰਗਾ-ਫਿਲੌਰ ਰੋਡ ਰਾਹੀਂ ਪਿੰਡ ਪਾਲਕਦੀਮ ਨੂੰ ਜੋੜਨ ਵਾਲੀ ਲਿੰਕ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਸਾਬਕਾ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਇੰਚਾਰਜ ਹਰਜੋਤ ਲੋਹਟੀਆ (ਫਿਲੌਰ) ਤੇ ਕਸ਼ਮੀਰ ਸਿੰਘ ਥਾਂਦੀ (ਯੂਐੱਸਏ) ਦੀ ਅਗਵਾਈ ਹੇਠ ਰੱਖਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ’ਚ ਵਿਕਾਸ ਕੰਮਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਵਿਕਾਸ ਲਈ ਵੱਡੇ ਪੱਧਰ 'ਤੇ ਗ੍ਰਾਂਟਾਂ ਵੀ ਵੱਡੇ ਪੱਧਰ ’ਤੇ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੀ ਹੈ।
ਸੜਕ ਦਾ ਨੀਂਹ ਪੱਥਰ ਰੱਖੇ ਜਾਣ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਦੇ ਪਹੁੰਚਣ ’ਚ ਕੁਝ ਦੇਰੀ ਹੋਣ ਕਾਰਨ ਮੌਜੂਦ ਲੋਕਾਂ ਦਾ ਮਨੋਰੰਜਨ ਕਰਨ ਲਈ ਇਕ ਪੰਜਾਬੀ ਗਾਇਕ ਨੇ ਪ੍ਰਸਿੱਧ ਗੀਤ ‘ਸਾਨੂੰ ਖਹਿਰਾ ਵਾਲੇ ਪੁਲ਼ 'ਤੇ ਬੁਲਾ ਕੇ ਮਾਹੀ ਕਿੱਥੇ ਰਹਿ ਗਿਆ’ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਸਰੋਤਿਆਂ ਨੇ ਖੂਬ ਪਸੰਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਕੌਰ (ਫਲਪੋਤਾ) ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਜਸਵਿੰਦਰ ਕੌਰ ਨੇ ਪਾਰਟੀ ਦੀ ਲੀਡਰਸ਼ਿਪ, ਹਾਈਕਮਾਂਡ ਤੇ ਹਾਜ਼ਰ ਆਗੂਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਗਠਨ ਇੰਚਾਰਜ ਸੰਜੇ ਅਟਵਾਲ (ਫਿਲੌਰ), ਸੁਖਵਿੰਦਰ ਸਿੰਘ ਥਾਂਦੀ ਲੰਬੜਦਾਰ, ਸੁਮੀਤ ਬਸਰਾ (ਲਾਡੀ) ਸਰਪੰਚ ਵਿਰਕ, ਸਤਪਾਲ ਤੂਰ ਸਰਪੰਚ, ਹਰਪ੍ਰੀਤ ਸਿੰਘ ਥਾਂਦੀ, ਅਵਤਾਰ ਸਿੰਘ ਥਾਂਦੀ, ਸੁਰਿੰਦਰ ਸਿੰਘ ਥਾਂਦੀ, ਗੁਰਚਰਨ ਸਿੰਘ ਭਾਟੀਆ, ਗੌਰਵ ਬਾਵਾ (ਵਾਈਸ ਮੀਡੀਆ ਕੋਆਰਡੀਨੇਟਰ, ਫਿਲੌਰ), ਜਸਵਿੰਦਰ ਕੌਰ ਸਹੋਤਾ ਪੰਚ, ਸ਼ੀਲਾ ਦੇਵੀ ਪੰਚ, ਕੁਲਦੀਪ ਕੌਰ ਪੰਚ, ਸਤਨਾਮ ਸਿੰਘ ਪੰਚ, ਦਲਬਾਗ ਸਿੰਘ ਪੰਚ, ਰਾਜਿੰਦਰ ਕੁਮਾਰ ਪੰਚ, ਸੋਨੀ ਪੰਚ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਵਲੰਟੀਅਰ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।