ਸਾਬਕਾ ਜਥੇਦਾਰ ਦਾ ਦੋਸ਼ ਐੱਸਜੀਪੀਸੀ ਜ਼ਮੀਨਾਂ ਵੇਚ ਕੇ ਸੁਖਬੀਰ ਬਾਦਲ ਲਈ ਚੋਣੀ ਫੰਡ ਇਕੱਠਾ ਕਰ ਰਹੀ ਹੈ

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਪ੍ਰਤਾਪਪੁਰਾ ਦਾਣਾ ਮੰਡੀ ’ਚ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐੱਸਜੀਪੀਸੀ ਤੇ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦੇ ਹੋਏ ਗੰਭੀਰ ਦੋਸ਼ ਲਾਏ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਸੁਖਬੀਰ ਬਾਦਲ ਦੀ ਕਮੇਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਗਮਾਡਾ ਨੂੰ ਵੇਚੀ ਗਈ ਤੇ ਇਕ ਸਾਲ ਪਹਿਲਾਂ ਉਸ ਦੇ 49.47 ਕਰੋੜ ਰੁਪਏ ਆ ਗਏ ਸਨ। ਐੱਸਜੀਪੀਸੀ ਐਕਟ ਅਨੁਸਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚਣ ਦੇ ਬਦਲੇ ਹੋਰ ਜ਼ਮੀਨ ਖਰੀਦੀ ਜਾਂਦੀ ਹੈ ਪਰ ਇਕ ਸਾਲ ਬੀਤਣ ਦੇ ਬਾਵਜੂਦ ਕੋਈ ਜ਼ਮੀਨ ਨਹੀਂ ਖਰੀਦੀ ਗਈ। ਉਸ ਰਕਮ ਬਾਰੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਦੱਸ ਸਕਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਇਨ੍ਹਾਂ ਨੂੰ ਸਿਪਾਹੀ ਵਜੋਂ ਭਰਤੀ ਕੀਤਾ ਸੀ ਪਰ ਅੱਜ ਐੱਸਜੀਪੀਸੀ ਦਾ ਪ੍ਰਧਾਨ ਖੁਦ ਨੂੰ ਅਕਾਲੀ ਦਲ ਦਾ ਸਿਪਾਹੀ ਦੱਸ ਰਿਹਾ ਹੈ, ਜੋ ਨਿੰਦਨਯੋਗ ਹੈ। ਬਜ਼ੁਰਗਾਂ ਨੇ ਜ਼ਮੀਨਾਂ ਸੇਵਾ ਲਈ ਦਿੱਤੀਆਂ ਸਨ ਤੇ ਕਮੇਟੀ ਨੂੰ ਗੁਰਦੁਆਰਾ ਸਾਹਿਬ ਦੀ ਦੇਖਭਾਲ ਲਈ ਬਿਠਾਇਆ ਗਿਆ ਸੀ ਪਰ ਕਮੇਟੀ ਮਾਲਕ ਬਣ ਕੇ ਜ਼ਮੀਨਾਂ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਜ਼ਮੀਨਾਂ ਵੇਚ ਕੇ ਆਉਣ ਵਾਲੀਆਂ ਚੋਣਾਂ ਲਈ ਸੁਖਬੀਰ ਬਾਦਲ ਵਾਸਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਧਨਾਢ ਲੋਕ ਰਾਜਨੀਤੀ ’ਚ ਆ ਕੇ ਨਾ ਸੂਬੇ ਦਾ ਭਲਾ ਕਰ ਸਕਦੇ ਹਨ ਤੇ ਨਾ ਹੀ ਕੌਮ ਦਾ। ਉਹ ਵਪਾਰ ਰਾਹੀਂ ਰਾਜ ਦੇ ਵਿਕਾਸ ’ਚ ਯੋਗਦਾਨ ਪਾ ਸਕਦੇ ਹਨ ਪਰ ਰਾਜਨੀਤੀ ’ਚ ਆ ਕੇ ਸਿਰਫ਼ ਸੱਤਾ ਲਈ ਕੰਮ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਸੁਖਬੀਰ ਬਾਦਲ ਦੇ ਹੱਥਾਂ ’ਚ ਸੰਸਥਾਵਾਂ ਆਈਆਂ ਹਨ, ਉਨ੍ਹਾਂ ਦੀ ਹਾਲਤ ਕਮਜ਼ੋਰ ਹੋ ਗਈ ਹੈ। ਰੈਲੀਆਂ ’ਚ ਲੋਕਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਇਕੱਠਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਰਘੁਬੀਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ’ਚ ਲਾਏ ਦੋਸ਼ ਬਹੁਤ ਗੰਭੀਰ ਹਨ। ਮੇਰੇ ਖ਼ਿਲਾਫ਼ ਦੋ ਦਸੰਬਰ ਦੇ ਹੁਕਮਨਾਮੇ ਤੋਂ ਬਾਅਦ 18 ਸਾਲ ਪੁਰਾਣਾ ਮਾਮਲਾ ਖੋਲ੍ਹ ਕੇ ਜਾਂਚ ਕਮਿਸ਼ਨ ਬਿਠਾ ਦਿੱਤੀ ਗਈ ਪਰ ਇੰਨੇ ਵੱਡੇ ਦੋਸ਼ਾਂ ਦੇ ਬਾਵਜੂਦ ਹੁਣ ਕਮੇਟੀ ਕਿਉਂ ਨਹੀਂ ਬਣਾਈ ਗਈ? ਸਾਬਕਾ ਜਥੇਦਾਰ ਨੇ ਕਿਹਾ ਕਿ ਗੁਰਪ੍ਰਤਾਪ ਸਿੰਘ ਵਡਾਲਾ ਆਪਣੇ ਪਿਤਾ ਕੁਲਦੀਪ ਸਿੰਘ ਵਡਾਲਾ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ। ਦੋਆਬਾ ਦੀ ਧਰਤੀ ਨੂੰ ਯੋਧਿਆਂ ਦੀ ਧਰਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਦਾਣਾ ਮੰਡੀ ’ਚ ਪੁੱਜੇ ਸਾਰੇ ਲੋਕ ਯੋਧਿਆਂ ਦੇ ਵਾਰਿਸ ਹਨ। ਪੰਥਕ ਸਮੱਸਿਆਵਾਂ ਬਾਰੇ ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੀ ਰੱਖਿਆ ਲਈ ਇਕੱਠੇ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਮੁੜ ਸਰਗਰਮ ਹੋਇਆ ਹੈ, ਪਰ ਸਿਧਾਂਤਾਂ ਤੋਂ ਭਟਕੇ ਹੋਏ ਲੋਕ ਅਜੇ ਵੀ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਮੀਟਿੰਗ ’ਚ ਪ੍ਰੇਮ ਸਿੰਘ ਚੰਦੂ ਮਾਜਰਾ, ਸਰਵਨ ਸਿੰਘ ਫਿਲੌਰ, ਮਹਿੰਦਰ ਸਿੰਘ ਹੁਸੈਨਪੁਰ, ਬੀਬੀ ਹਰਜੀਤ ਕੌਰ ਤਲਵੰਡੀ ਅਤੇ ਜਰਨੈਲ ਸਿੰਘ ਗੜ੍ਹਦੀਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ’ਤੇ ਬ੍ਰਿਜ ਭੁਪਿੰਦਰ ਸਿੰਘ ਲਾਲੀ, ਮਨਜੀਤ ਸਿੰਘ ਦਸੂਹਾ, ਰਘਬੀਰ ਸਿੰਘ ਸੁਭਾਨਪੁਰ, ਜਗਜੀਤ ਸਿੰਘ ਕੋਹਲੀ, ਸੁਖਵੰਤ ਸਿੰਘ ਰੋਲੀ, ਅਮਰਜੀਤ ਸਿੰਘ ਕਿਸ਼ਨਪੁਰਾ, ਬਲਵਿੰਦਰ ਸਿੰਘ ਢੰਡੋਵਾਲ, ਸੁਖਜੀਤ ਸਿੰਘ ਜੌਹਲ, ਅਵਤਾਰ ਸਿੰਘ ਕਲੇਰ, ਲਸ਼ਕਰ ਸਿੰਘ ਰਹੀਮਪੁਰ, ਸੁਰਤੇਜ ਸਿੰਘ ਬਾਸੀ, ਹਰਭਜਨ ਸਿੰਘ ਹੁੰਦਲ, ਬਲਵਿੰਦਰ ਸਿੰਘ ਆਲੇਵਾਲੀ, ਗੁਰਨਾਮ ਸਿੰਘ ਕੰਦੋਲਾ, ਲਖਵਿੰਦਰ ਸਿੰਘ ਹੋਠੀ, ਨਿਰਮਲ ਸਿੰਘ ਫੌਜੀ (ਚੱਕ ਖੁਰਦ), ਪਰਮਿੰਦਰ ਸਿੰਘ ਚੱਕਵਾਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਜਥੇਦਾਰ ਹਾਜ਼ਰ ਸਨ।