ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੀਆਂ ਅਸਥੀਆਂ ਗੰਗਾ ’ਚ ਜਲ ਪ੍ਰਵਾਹ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੀਆਂ ਪਵਿੱਤਰ ਅਸਥੀਆਂ ਹਰਿਦੁਆਰ ਵਿਖੇ ਗੰਗਾ ’ਚ ਜਲ ਪ੍ਰਵਾਹ
Publish Date: Sun, 13 Sep 2026 07:42 PM (IST)
Updated Date: Sun, 13 Sep 2026 07:44 PM (IST)
ਹਰਿ ਕੀ ਪੌੜੀ ਵਿਖੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਉਪਰੰਤ ਪਰਿਵਾਰਕ ਮੈਂਬਰਾਂ ਨੇ ਦਿੱਤੀ ਅੰਤਿਮ ਵਿਦਾਈ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਚੂਨੀ ਲਾਲ ਭਗਤ ਦੀਆਂ ਅਸਥੀਆਂ ਐਤਵਾਰ ਨੂੰ ਹਰਿਦੁਆਰ ਸਥਿਤ ਹਰਿ ਕੀ ਪੌੜੀ ਵਿਖੇ ਵਿਧੀ-ਵਿਧਾਨ ਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਗੰਗਾ ’ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਉਨ੍ਹਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਹਰਿਦੁਆਰ ਪਹੁੰਚ ਕੇ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਚੂਨੀ ਲਾਲ ਭਗਤ ਦਾ ਜੀਵਨ ਸਮਾਜ ਸੇਵਾ, ਲੋਕ ਭਲਾਈ ਤੇ ਆਮ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਆਪਣੇ ਰਾਜਨੀਤਕ ਤੇ ਸਮਾਜਿਕ ਜੀਵਨ ਦੌਰਾਨ ਲੋਕਾਂ ਦੇ ਹਿੱਤਾਂ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਨੇ ਆਪਣਾ ਮਾਰਗਦਰਸ਼ਕ ਗੁਆ ਲਿਆ ਹੈ, ਜਿਸ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਅਸਥੀ ਜਲ ਪ੍ਰਵਾਹ ਮੌਕੇ ਪਰਿਵਾਰਕ ਮੈਂਬਰਾਂ ਨੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ’ਚ ਹੌਸਲਾ ਦੇਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਸੁਰਿੰਦਰ ਭਗਤ, ਅਸ਼ਵਨੀ ਭਗਤ, ਅਤੁਲ ਭਗਤ, ਚੰਦਨ ਭਗਤ, ਵਰੁਣ ਭਗਤ, ਕ੍ਰਾਂਤੀ ਭਗਤ, ਪ੍ਰਗਤੀ ਭਗਤ, ਕੁਲਦੀਪ ਭਗਤ ਗਗਨ, ਸੰਦੀਪ ਭਗਤ, ਈਸ਼ਾ, ਜਾਗ੍ਰਿਤੀ, ਡਾ. ਹਿਤੇਸ਼ੀ ਸਿੰਘ ਤੇ ਅਰੁਣਾ ਰਾਣੀ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ।