- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦਿਹਾਂਤ, ਅੰਤਿਮ ਸੰਸਕਾਰ ਮੌਕੇ ਉਮੜਿਆ ਜਨ-ਸੈਲਾਬ

-ਡੀਸੀ, ਸੀਪੀ ਸਮੇਤ ਕਈ ਪ੍ਰਮੁੱਖ ਸਿਆਸੀ ਆਗੂਆਂ ਨੇ ਜਤਾਇਆ ਦੁੱਖ
-ਹਲਕਾ ਵੈਸਟ ਦੇ ਲੋਕਾਂ ਦੇ ‘ਬਾਊਜੀ‘ ਸਦਾ ਲੋਕਾਂ ਦੇ ਮਨਾਂ ’ਚ ਰਹਿਣਗੇ ਜਿਊਂਦੇ
ਤੇਜਿੰਦਰ ਕੌਰ ਥਿੰਦ, ਜਲੰਧਰ: ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਚੁੰਨੀ ਲਾਲ ਭਗਤ (93 ਸਾਲ) ਦਾ ਅੱਜ ਸਰਕਾਰੀ ਸਨਮਾਨਾਂ ਨਾਲ ਮਾਡਲ ਹਾਊਸ ਦੇ ਸ਼ਮਸਾਨਘਾਟ ’ਚ ਅੰਤਿਮ ਸਸਕਾਰ ਕੀਤਾ ਗਿਆ, ਜਿਥੇ ਬਜ਼ੁਰਗ ਆਗੂ ਨੂੰ ਰਾਜਨੀਤਿਕ ਆਗੂਆਂ, ਸਮਾਜਿਕ ਪ੍ਰਤੀਨਿਧੀਆਂ ਤੇ ਵੱਡੀ ਗਿਣਤੀ ਵਿੱਚ ਨਾਗਰਿਕਾਂ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਚਿਤਾ ਨੂੰ ਅਗਨੀ ਸਪੁੱਤਰ ਅਸ਼ਵਨੀ ਕੁਮਾਰ ਭਗਤ ਵੱਲੋਂ ਦਿੱਤੀ ਗਈ, ਜਦਕਿ ਜਲੰਧਰ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਪੇਸ਼ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਲੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨਿਸ਼ਚਿਤ ਪ੍ਰੋਟੋਕਾਲ ਅਨੁਸਾਰ ਰਾਜ ਸੋਗ ਵਜੋਂ ਰਾਜ ਦੇ ਸਾਰੇ ਸਰਕਾਰੀ ਅਦਾਰਿਆਂ ’ਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਦੀ ਰਾਜਨੀਤੀ ਵਿਚੋਂ ਇੱਕ ਸੁਲਝੇ, ਨਿਮਰ ਅਤੇ ਸ਼ਰਾਫ਼ਤ ਦੀ ਮੂਰਤ ਮੰਨੇ ਜਾਂਦੇ ਸਿਆਸੀ ਆਗੂ ਦਾ ਯੁੱਗ ਖ਼ਤਮ ਹੋ ਗਿਆ ਹੈ। ਭਗਤ ਚੁੰਨੀ ਲਾਲ ਸਿਰਫ਼ ਇਕ ਉੱਚ-ਪੱਧਰੀ ਸਿਆਸਤਦਾਨ ਹੀ ਨਹੀਂ ਸਨ, ਉਨ੍ਹਾਂ ਦੀ ਸ਼ਰਾਫ਼ਤ ਅਤੇ ਨਿਮਰਤਾ ਹੀ ਉਨ੍ਹਾਂ ਦੀ ਮੁੱਖ ਪਛਾਣ ਸੀ। ਰਾਜਨੀਤੀ ’ਚ ਲੋਕਾਂ ਦੇ ਹਰ ਦੁੱਖ-ਸੁੱਖ ’ਚ ਬਿਨਾਂ ਕਿਸੇ ਭੇਦਭਾਵ ਦੇ ਸ਼ਾਮਲ ਹੁੰਦੇ ਸਨ। ਉਹ ਆਮ ਜਨਤਾ ਦੇ ਬਹੁਤ ਨੇੜੇ ਹੋਣ ਕਾਰਨ ਆਪਣੇ ਹਲਕੇ ਵਿੱਚ 'ਬਾਊਜੀ' ਦੇ ਨਾਂ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਜਲੰਧਰ ਵਾਸੀਆਂ ਨੂੰ ਵੱਡਾ ਘਾਟਾ ਪਿਆ ਹੈ, ਉਥੇ ਹੀ ਰਾਜਨੀਤਿਕ ਗਲਿਆਰਿਆਂ 'ਚ ਵੀ ਡੂੰਘੇ ਸ਼ੋਕ ਦੀ ਲਹਿਰ ਦੌੜ ਗਈ ਹੈ।
---
ਸਵਰਗੀ ਚੁੰਨੀ ਲਾਲ ਭਗਤ ਦਾ ਜਨਮ ਪਹਿਲੀ ਦਸੰਬਰ 1932 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਮਹਿੰਗਾ ਰਾਮ ਅਤੇ ਮਾਤਾ ਰੁਕਮਣੀ ਦੇਵੀ ਸਨ। ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ’ਚ ਵੱਸ ਗਿਆ। ਇੱਥੇ ਆ ਕੇ ਉਨ੍ਹਾਂ ਨੇ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਸ਼ੁਰੂ ਕੀਤਾ। ਅੱਜ 'ਸ਼ੀਲਾ ਸਪੋਰਟਸ' ਸਮੇਤ ਉਨ੍ਹਾਂ ਦੀਆਂ ਕੰਪਨੀਆਂ ਖੇਡਾਂ ਦੇ ਸਾਮਾਨ ਦੀਆਂ ਵੱਡੀਆਂ ਨਿਰਯਾਤਕ ਹਨ। ਉਨ੍ਹਾਂ ਦੀ ਇਸ ਵਿਰਾਸਤ ਨੂੰ ਉਨ੍ਹਾਂ ਦੇ ਬੇਟੇ ਤੇ ਪੋਤੇ ਕਈ ਦੇਸ਼ਾਂ ’ਚ ਫੈਲਾ ਚੁੱਕੇ ਹਨ, ਜਦਕਿ ਪੁੱਤਰ ਮਹਿੰਦਰ ਭਗਤ ਪੰਜਾਬ ਦੀ 'ਆਪ' ਸਰਕਾਰ 'ਚ ਕੈਬਨਿਟ ਮੰਤਰੀ ਵਜੋਂ ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਅੱਜ ਇਹ ਪਰਿਵਾਰ ਇਸ ਖੇਤਰ ਵਿੱਚ ਖੇਡਾਂ ਦਾ ਸਾਮਾਨ ਐਕਸਪੋਰਟ ਕਰਨ ਵਾਲੇ ਪ੍ਰਸਿੱਧ ਪਰਿਵਾਰਾਂ ਵਿਚੋਂ ਹਨ।
ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ ਉਨ੍ਹਾਂ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬਾਗਬਾਨੀ ਤੇ ਰੱਖਿਆ ਸੇਵਾਵਾਂ ਵਿਭਾਗ ਵਲੋਂ ਵੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਅੰਤਿਮ ਸਸਕਾਰ ਮੌਕੇ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ, ਮੇਅਰ ਵਨੀਤ ਧੀਰ,ਅਜੀਤ ਪ੍ਰਕਾਸ਼ਨ ਸਮੂਹ ਤੋਂ ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਉੱਤਮ ਹਿੰਦੂ ਇਰਵਿਨ ਖੰਨਾ, ਚੇਅਰਮੈਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਮੁਸਲਿਮ ਭਲਾਈ ਬੋਰਡ ਅਬਦੁੱਲ ਬਾਹਰੀ ਸਲਮਾਨੀ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਬੱਸੀ, ਡਿਪਟੀ ਮੇਅਰ ਮਲਕੀਤ ਸਿੰਘ, ਟਰੇਡਰਜ਼ ਕਮਿਸ਼ਨ ਦੇ ਮੈਂਬਰ ਇੰਦਰਵੰਸ਼ ਚੱਡਾ, ਵਾਈਸ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਕੀਮਤੀ ਭਗਤ, ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
ਆਪਣੇ ਰਾਜਨੀਤਿਕ ਸਫ਼ਰ ਦੌਰਾਨ ਸਵ. ਚੁੰਨੀ ਲਾਲ ਭਗਤ ਅਨੇਕਾਂ ਮਹੱਤਪੂਰਨ ਅਹੁਦਿਆਂ ’ਤੇ ਰਹੇ। ਸਾਲ 2011 ਪੰਜਾਬ ਵਿਧਾਨ ਸਭਾ ’ਚ ਡਿਪਟੀ ਸਪੀਕਰ ਵਜੋਂ ਚੁਣੇ ਗਏ ਤੇ ਸਾਲ 2012 ਤੋਂ 2017 ਤੱਕ ਉਨ੍ਹਾਂ ਨੇ ਕੈਬਨਿਟ ਮੰਤਰੀ ਵਜੋਂ ਸੂਬੇ ਦੀ ਸੇਵਾ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਖੋਜ, ਕਿਰਤ ਅਤੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਕਾਰਜ ਭਾਰ ਨੂੰ ਸੰਭਾਲਿਆ।
---
ਰਾਜਨੀਤਿਕ ਸਫ਼ਰ 'ਤੇ ਇਕ ਝਾਤ
1985 ’ਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ।
1997 ’ਚ ਭਾਜਪਾ ਦੀ ਟਿਕਟ 'ਤੇ ਜਲੰਧਰ ਸਾਊਥ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ।
2007 ’ਚ ਦੂਜੀ ਵਾਰ ਵਿਧਾਇਕ ਬਣੇ ਤੇ ਗੱਠਜੋੜ ਸਰਕਾਰ ’ਚ ਕੈਬਨਿਟ ਮੰਤਰੀ ਰਹੇ।
2011 ’ਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਭਾਜਪਾ ਵਿਧਾਇਕ ਦਲ ਦੇ ਨੇਤਾ ਬਣੇ।
2012 ’ਚ ਤੀਜੀ ਵਾਰ ਚੋਣ ਜਿੱਤੇ ਅਤੇ ਗੱਠਜੋੜ ਸਰਕਾਰ ਵਿੱਚ ਸਥਾਨਕ ਸਰਕਾਰਾਂ , ਮੈਡੀਕਲ ਸਿੱਖਿਆ ਤੇ ਖੋਜ, ਜੰਗਲਾਤ ਤੇ ਜੰਗਲੀ ਜੀਵ ਅਤੇ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਰਹੇ।