ਵੋਟਰਾਂ ਦੀ ਸਹੂਲਤ ਲਈ 1926 ਪੋਲਿੰਗ ਬੂਥਾਂ ’ਤੇ ਲਗਾਏ ਐੱਸਆਈਆਰ ਕੈਂਪ ਵੋਟਰਾਂ ਦੀ ਸਹੂਲਤ ਲਈ ਜਲੰਧਰ ਦੇ ਸਮੁੱਚੇ 1926ਪੋਲੱੱਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਐੱਸ. ਆਈ.ਆਰ.ਕੈਂਪ
Publish Date: Sat, 11 Jul 2026 06:47 PM (IST)
Updated Date: Sun, 12 Jul 2026 04:10 AM (IST)
ਮੁਹਿੰਮ ਦਾ ਉਦੇਸ਼ ਐੱਸ.ਆਈ.ਆਰ.-2026 ਤਹਿਤ ਗਣਨਾ ਫਾਰਮਾਂ ਦੀ ਇਕੱਤਰਤਾ ਤੇ ਡਿਜੀਟਾਈਜ਼ੇਸ਼ਨ ’ਚ ਤੇਜ਼ੀ ਲਿਆਉਣਾ : ਡਿਪਟੀ ਕਮਿਸ਼ਨਰ, ਅੱਜ ਵੀ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਵੋਟਰਾਂ ਦੀ ਸਹੂਲਤ ਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ)-2026 ਦੀ ਚੱਲ ਰਹੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਸਾਰੇ 1926 ਪੋਲੰਿਗ ਬੂਥਾਂ ’ਤੇ ਸਫਲਤਾਪੂਰਵਕ ਵਿਸ਼ੇਸ਼ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਵੋਟਰਾਂ ਨੇ ਗਣਨਾ (ਇਨੂਮੀਰੇਸ਼ਨ) ਫਾਰਮ ਭਰਨ ਤੇ ਜਮ੍ਹਾ ਕਰਵਾਉਣ ਅਤੇ ਵੇਰਵਿਆਂ ਦੀ ਤਸਦੀਕ ਕਰਨ ਲਈ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਐੱਸ.ਆਈ.ਆਰ. ਤਹਿਤ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਗਣਨਾ ਪੜਾਅ ਦੇ ਹਿੱਸੇ ਵਜੋਂ ਗਣਨਾ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜੇਸ਼ਨ ਦੇ ਕੰਮ ਨੂੰ ਹੋਰ ਤੇਜ਼ ਕਰਨ ਲਈ ਲਗਾਏ ਗਏ ਹਨ। ਸ਼੍ਰੀ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿੱਥੇ ਫਾਰਮ ਪ੍ਰਾਪਤ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਤੁਲਨਾਤਮਿਕ ਤੌਰ ’ਤੇ ਘੱਟ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ 12 ਜੁਲਾਈ ਨੂੰ ਵੀ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ, ਜਿੱਥੇ ਸਾਰੇ ਬੂਥ ਲੈਵਲ ਅਫ਼ਸਰ ਸਵੇਰੇ 8 ਤੋਂ ਦੁਪਹਿਰ 3 ਵਜੇ ਤੱਕ ਮੌਜੂਦ ਰਹਿ ਕੇ ਵੋਟਰਾਂ ਨੂੰ ਫਾਰਮ ਭਰਨ ਤੇ ਜਮ੍ਹਾ ਕਰਵਾਉਣ ’ਚ ਸਹਿਯੋਗ ਕਰਨਗੇ। ਵੋਟਰ ਸੂਚੀਆਂ ਦੀ ਰਿਵੀਜ਼ਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਆਪਣੇ ਫਾਰਮ ਜਮ੍ਹਾ ਨਹੀਂ ਕਰਵਾਏ, ਉਹ ਜਲਦ ਤੋਂ ਜਲਦ ਫਾਰਮ ਜਮ੍ਹਾ ਕਰਵਾ ਕੇ ਚੋਣ ਅਮਲੇ ਨਾਲ ਸਹਿਯੋਗ ਕਰਨ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿਚ ਸ਼ਾਮਿਲ ਹੋਣ ਤੋਂ ਵਾਂਝਾ ਨਾ ਰਹੇ। ਅਪਾਹਜ਼ ਆਸ਼ਰਮ ਵਿਖੇ ਵੀ ਲਗਾਇਆ ਗਿਆ ਕੈਂਪ ਇਸ ਦੌਰਾਨ ਅਪਾਹਜ ਆਸ਼ਰਮ ਬੂਥ, ਪਿੰਗਲਾਘਰ ਬੂਥ ਅਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ, ਪਟੇਲ ਚੌਕ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਦੌਰਾ ਕੀਤਾ ਗਿਆ। ਕੈਂਪਾਂ ਵਿਚ ਵੋਟਰਾਂ ਨੂੰ ਐੱਸ.ਆਈ.ਆਰ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਤੇ ਵੋਟਰ ਸੂਚੀ ਵਿਚ ਨਾਮ, ਪਤਾ ਤੇ ਹੋਰ ਵੇਰਵਿਆਂ ਦੀ ਤਸਦੀਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਚੰਦਰ ਸ਼ੇਖਰ ਤੇ ਮਨਜੀਤ ਮੈਣੀ, ਨੋਡਲ ਅਫ਼ਸਰ, 035 ਜਲੰਧਰ ਕੇਂਦਰੀ, ਨੇ ਵਿਸ਼ੇਸ਼ ਕੈਂਪਾਂ ਦਾ ਨਿਰੀਖਣ ਕਰਦਿਆਂ ਬੂਥਾਂ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਤੇ ਬੀਐੱਲਓਜ਼ ਨੂੰ ਕਿਹਾ ਕਿ ਹਰ ਯੋਗ ਵੋਟਰ ਨੂੰ ਸਮੇਂ ਸਿਰ ਸਹੀ ਜਾਣਕਾਰੀ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇਸ ਦੌਰੇ ਦੌਰਾਨ ਰਾਕੇਸ਼ ਸ਼ਰਮਾ (ਪ੍ਰਿੰਸੀਪਲ), ਭੁਪਿੰਦਰ ਸਿੰਘ (ਪ੍ਰਿੰਸੀਪਲ), ਸੰਦੀਪ ਸੇਠੀ, ਨਿਤਿਸ਼ ਰਾਣਾ (ਸੁਪਰਵਾਈਜ਼ਰ),ਬਲਦੇਵ ਸਿੰਘ (ਸੁਪਰਵਾਈਜ਼ਰ, ਅਪਾਹਜ ਆਸ਼ਰਮ ) ਅਤੇ ਸਬੰਧਿਤ ਬੀ.ਐਲ.ਓਜ.ਵੀ ਮੌਜੂਦ ਰਹੇ। ਕੈਪਸ਼ਨ ਅਪਾਹਜ਼ ਆਸ਼ਰਮ ਵਿਖੇ ਲਗਾਏ ਕੈਂਪ ਦੀ ਤਸਵੀਰ।