- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਵਲੋਂ ਫਾਗਿੰਗ ਦਾ ਛਿੜਕਾਅ ਸ਼ੁਰੂ, ਫਾਗਿੰਗ ਲਈ 4 ਟੀਮਾਂ ਬਨਾਈਆਂ ਗਈਆਂ=ਹੈਲਥ ਅਫਸਰ

- 32 ਛੋਟੀਆਂ ਮਸ਼ੀਨਾਂ ਰਾਹੀਂ ਹੋ ਰਹੀ ਹੈ ਫੌਗਿੰਗ : ਸਹਾਇਕ ਸਿਹਤ ਅਫਸਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ
ਜਲੰਧਰ : ਨਗਰ ਨਿਗਮ ਵੱਲੋਂ ਹਰ ਸਾਲ ਬਰਸਾਤੀ ਮੌਸਮ ਦੌਰਾਨ ਪੈਦਾ ਹੋਣ ਵਾਲੇ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਵਿਸ਼ੇਸ਼ ਕਰ ਡੇਂਗੂ ਤੋਂ ਬਚਾਅ ਲਈ ਫੌਗਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫੌਗਿੰਗ ਲਈ 4 ਟੀਮਾਂ ਬਨਾਈਆਂ ਗਈਆਂ ਹਨ, ਜਿਨ੍ਹਾਂ ਨੂੰ 85 ਵਾਰਡਾਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਹਰ ਟੀਮ ਨੂੰ 21 ਵਾਰਡ ਦਿੱਤੇ ਗਏ ਹਨ ਜੋ ਕਿ ਦਿਤੇ ਗਏ ਪ੍ਰੋਗਰਾਮ ਅਨੁਸਾਰ ਛਿੜਕਾਅ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਫੌਗਿੰਗ ਲਈ ਹਾਲ ਦੀ ਘੜੀ 32 ਛੋਟੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਹੜੀਆਂ ਕਿ ਹੈਲਥ ਬ੍ਰਾਂਚ ਦੇ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਹਨ। ਇਹ ਮਸ਼ੀਨਾਂ ਉਨ੍ਹਾਂ ਹਲਕਿਆਂ ’ਚ ਲੈ ਜਾ ਕੇ ਹੈਲਥ ਬ੍ਰਾਂਚ ਦੇ ਕਰਮਚਾਰੀ ਫੌਗਿੰਗ ਕਰਨਗੇ। ਡਾ. ਕ੍ਰਿਸ਼ਨ ਅਨੁਸਾਰ ਇਸ ਦੌਰਾਨ ਲੋਕਾਂ ਖਾਸ ਕਰ ਕੇ ਨੀਵੇਂ ਇਲਾਕਿਆਂ ਜਿਥੇ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ, ਨੂੰ ਮੁਨਾਦੀ ਕਰਾ ਕੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਕੋਈ ਪੁਰਾਣੇ ਟਾਇਰ, ਕੂਲਰਾਂ ’ਚ ਪਿਆ ਪਾਣੀ ਨਾ ਰੱਖਣ, ਛੱਤਾਂ ਦੀ ਸਫਾਈ ਰੱਖਣ, ਜਿਸ ਕਾਰਨ ਮੱਛਰ ਆਦਿ ਪੈਦਾ ਨਾ ਹੋ ਸਕਣ ਅਤੇ ਕਿਸੇ ਵੀ ਮਹਾਂਮਾਰੀ ਤੋਂ ਬਚਾਅ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਛੋਟੀਆਂ ਮਸ਼ੀਨਾਂ ਰਾਹੀਂ ਇਸ ਲਈ ਫੌਗਿੰਗ ਸ਼ੁਰੂ ਕਰਾਈ ਗਈ ਹੈ ਤਾਂ ਜੋ ਉਹ ਤੰਗ ਗਲ਼ੀਆਂ ’ਚ ਅਸਾਨੀ ਨਾਲ ਦਾਖ਼ਲ ਹੋ ਕੇ ਫੌਗਿੰਗ ਕਰ ਸਕਣ।
ਵੱਡੀਆਂ ਮਸ਼ੀਨਾਂ ਦੀ ਵਰਤੋਂ ਬਾਅਦ ’ਚ
ਇਸ ਦੌਰਾਨ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਛੋਟੀਆਂ ਮਸ਼ੀਨਾਂ ਰਾਹੀਂ ਇਸ ਲਈ ਫੌਗਿੰਗ ਸ਼ੁਰੂ ਕਰਾਈ ਗਈ ਹੈ ਤਾਂ ਜੋ ਉਥੇ ਪੈਦਾ ਹੋਈ ਗੰਦਗੀ ਨੂੰ ਸਾਫ਼ ਕਰਾ ਕੇ ਉਥੇ ਫੌਗਿੰਗ ਕਰਾਈ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਖੁੱਲੀਆਂ ਗਲੀਆਂ ਤੇ ਸੜਕਾਂ ਵਾਲੇ ਵਾਰਡਾਂ ’ਚ ਵੱਡੀਆਂ ਮਸ਼ੀਨਾਂ ਰਾਹੀਂ ਆਉਂਦੇ 10 ਦਿਨਾਂ ’ਚ ਫੌਗਿੰਗ ਸ਼ੁਰੂ ਕਰਾ ਦਿੱਤੀ ਜਾਵੇਗੀ।
ਸ਼ਾਮ 5 ਤੋਂ 7 ਵਜੇ ਤੱਕ ਹੋਵੇਗੀ ਫੌਗਿੰਗ
ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ. ਸ਼ਰਮਾ ਅਨੁਸਾਰ ਛੋਟੀਆਂ ਮਸ਼ੀਨਾਂ ਰਾਹੀਂ ਜਿਹੜੀ ਫੌਗਿੰਗ ਕੀਤੀ ਜਾ ਰਹੀ ਹੈ, ਉਹ ਰੋਜ਼ਾਨਾ 5 ਤੋਂ 7 ਵਜੇ ਤੱਕ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਪਹਿਲਾਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਮੱਛਰ ਜਾਂ ਉਸ ਦਾ ਲਾਰਵਾ ਪੈਦਾ ਹੁੰਦਾ ਹੈ, ਜਿਸ ਨੂੰ ਮਾਰਨਾ ਲਾਜ਼ਮੀ ਹੁੰਦਾ ਹੈ। ਇਸ ਲਈ ਫੌਗਿੰਗ ਦਾ ਸਮਾਂ ਹਮੇਸ਼ਾ ਹੀ ਸ਼ਾਮ ਦਾ ਨਿਰਧਾਰਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਬਰਸਾਤ ਦੌਰਾਨ ਆਪਣੇ ਘਰਾਂ ਦੇ ਅੰਦਰ ਤੇ ਬਾਹਰ ਸਫਾਈ ਰੱਖਣ ਤਾਂ ਜੋ ਗੰਦਗੀ ਪੈਦਾ ਨਾ ਹੋਵੇ ਅਤੇ ਮੱਛਰ ਆਦਿ ਪੈਦਾ ਹੋਣ ਦੀ ਨੌਬਤ ਨਾ ਆ ਸਕੇ।