ਸਵੇਰੇ ਪੈਣ ਲੱਗੀ ਧੁੰਦ, ਠੰਢ ਨੇ ਡੇਗਿਆ ਤਾਪਮਾਨ
ਜਾਸ, ਜਲੰਧਰ : ਪਿਛਲੇ
Publish Date: Sat, 31 Oct 2026 09:47 PM (IST)
Updated Date: Sat, 31 Oct 2026 09:49 PM (IST)
ਜਾਸ, ਜਲੰਧਰ : ਪਿਛਲੇ ਦੋ ਦਿਨਾਂ ਤੋਂ ਮਹਾਨਗਰ ਦੇ ਬਾਹਰੀ ਇਲਾਕਿਆਂ ’ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਸਵੇਰ ਤੇ ਸ਼ਾਮ ਵੇਲੇ ਠੰਢ ਵਧਣ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਪਿਛਲੇ ਇਕ ਹਫ਼ਤੇ ਦੌਰਾਨ ਤਾਪਮਾਨ ’ਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਗਈ ਹੈ। ਸ਼ਨਿਚਰਵਾਰ ਸਵੇਰੇ ਸਾਢੇ ਪੰਜ ਵਜੇ ਬਾਹਰੀ ਇਲਾਕਿਆਂ ਦੀਆਂ ਸੜਕਾਂ ਤੇ ਖੇਤਾਂ ’ਚ ਸੰਘਣੀ ਧੁੰਦ ਛਾਈ ਹੋਈ ਸੀ। ਵਾਹਨ ਚਾਲਕਾਂ ਨੂੰ ਵੀ ਹੈੱਡਲਾਈਟਾਂ ਜਗਾ ਕੇ ਗੱਡੀਆਂ ਚਲਾਉਣੀਆਂ ਪਈਆਂ। ਇਸ ਤੋਂ ਬਾਅਦ ਦਿਨ ਭਰ ਤਿੱਖੀ ਧੁੱਪ ਨਿਕਲੀ, ਜਿਸ ਕਾਰਨ ਗਰਮੀ ਦਾ ਅਹਿਸਾਸ ਵੀ ਹੋਇਆ। ਘੱਟੋ-ਘੱਟ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ’ਚ ਸਵੇਰ ਤੇ ਸ਼ਾਮ ਵੇਲੇ ਠੰਢ ਦਾ ਅਹਿਸਾਸ ਹੋਇਆ। ਇਸ ਕਾਰਨ ਤਾਪਮਾਨ 12 ਤੋਂ 14 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ, ਜਦਕਿ ਦਿਨ ਦਾ ਤਾਪਮਾਨ ਹਾਲੇ ਵੀ 28 ਤੋਂ 30 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਹਵਾ ਗੁਣਵੱਤਾ ਸੂਚਕ ਅੰਕ ਦੀ ਸਥਿਤੀ ਵੀ ਬੇਹੱਦ ਖ਼ਰਾਬ ਰਹੀ। ਸਵੇਰੇ ਅੱਠ ਵਜੇ ਵੱਧ ਤੋਂ ਵੱਧ ਏਕਿਊਆਈ 420 ਤੇ ਦੁਪਹਿਰ ਇਕ ਵਜੇ ਘੱਟੋ-ਘੱਟ 42 ਦਰਜ ਕੀਤਾ ਗਿਆ। ਦਿਨ ਭਰ ਹਵਾ ਦੀ ਬਦਲਦੀ ਸਥਿਤੀ ਦੇ ਆਧਾਰ ’ਤੇ ਔਸਤ ਏਕਿਊਆਈ 220 ਰਿਹਾ।