ਬਰਸਾਤੀ ਮੌਸਮ ’ਚ ਕਈ ਮੁਸੀਬਤਾਂ ਝੱਲਣ ਨੂੰ ਮਜ਼ਬੂਰ ਫੋਕਲ ਪੁਆਇੰਟ ਦੇ ਕਾਰੋਬਾਰੀ ਮੀੰਹ ਵਾਲੇ ਮੌਸਮ ਵਿਚ ਕਈ ਦਿਕਤਾਂ ਝੇਲਣ ਤੇ ਮਜਬੂਰ ਹਨ ਫੋਲਕ ਪੁਆਇੰਟ ਦੇ ਕਾਰੋਬਾਰੀ
Publish Date: Sat, 04 Jul 2026 09:21 PM (IST)
Updated Date: Sat, 04 Jul 2026 09:23 PM (IST)
ਸ਼ੈਲੀ, ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲਧਰ : ਦੇਸ਼ ਦੀ ਆਰਥਿਕ ਤਰੱਕੀ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲਾ ਫੋਕਲ ਪੁਆਇੰਟ ਕਈ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਹੈ। ਜੇ ਫੋਕਲ ਪੁਆਇੰਟ ਦੀ ਗੱਲ ਕਰੀਏ ਤਾਂ ਇਹ ਇਲਾਕਾ ਸਰਕਾਰ ਦੇ ਮਾਲੀਏ ਦੀ ਆਰਥਿਕ ਸਥਿਤੀ ਲਈ ਕਾਫੀ ਯੋਗਦਾਨ ਪਾਉਂਦਾ ਹੈ ਪਰ ਇਸ ਦੇ ਬਾਵਜੂਦ ਵੀ ਬਰਸਾਤੀ ਮੌਸਮ ’ਚ ਇਸ ਇਲਾਕੇ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋਣਾ, ਟੋਏ ਪੈਣੇ ਆਮ ਗੱਲ ਹੈ। ਮੀਂਹ ਦੌਰਾਨ ਪਾਣੀ ਖੜ੍ਹਾ ਹੋਣ ਕਾਰਨ ਕਈ ਵਾਰ ਸੜਕਾਂ ਦੇ ਆਲੇ-ਦੁਆਲੇ ਪਈ ਗੰਦਦੀ ਪਾਣੀ ’ਚ ਰੁੜ੍ਹ ਕੇ ਸੜਕਾਂ ’ਤੇ ਆ ਜਾਂਦੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਸਰਕਾਰ ਵੱਲੋਂ ਵਪਾਰੀਆਂ ਨੂੰ ਹਰ ਜ਼ਰੂਰੀ ਸਹੂਲਤ ਦੇਣ ਲਈ ਵਚਨਬੱਧਤਾ ਦੁਹਰਾਈ ਜਾਂਦੀ ਹੈ ਪਰ ਫਿਰ ਵੀ ਫੋਕਲ ਪੁਵਆਇੰਟ ਕਈ ਜ਼ਰੂਰੀ ਸਹੂਲਤਾਂ ਤੋਂ ਵਾਂਝਾ ਹੈ। ਫੋਕਲ ਪੁਆਇੰਟ ਦੀਆਂ ਸੜਕਾਂ ਬੜੀਆਂ ਹੀ ਤਰਸਯੋਗ ਹਾਲਤ ’ਚ ਹਨ। ਜਿਸ ਕਾਰਨ ਕਾਰੋਬਾਰੀਆਂ ਨੂੰ ਅਤੇ ਫੈਕਟਰੀਆਂ ’ਚ ਕੰਮ ਕਰਨ ਵਾਲੇ ਵਰਕਰਾਂ ਨੂੰ ਆਵਾਜਾਈ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤੀ ਮੌਸਮ ’ਚ ਬਿਜਲੀ ਦੇ ਕੱਟ ਲੱਗਣੇ ਇੱਥੇ ਆਮ ਗੱਲ ਹੈ ਜਿਸ ਕਾਰਨ ਇੰਡਸਰੀਆਂ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ। ਕਈ ਵਾਰ ਟਰਾਂਸਫਾਰਮਰ ਵੀ ਸੜ ਜਾਂਦੇ ਹਨ ਜਿਸ ਕਾਰਨ ਕਈ ਘੰਟੇ ਲਾਈਟ ਬੰਦ ਰਹਿੰਦੀ ਹੈ। ਬਰਸਾਤੀ ਮੌਸਮ ’ਚ ਜਿੱਥੇ ਪਾਣੀ ਖੜ੍ਹਾ ਹੁੰਦਾ ਹੈ ਉੱਥੇ ਹੀ ਟੋਏ ਪੈ ਜਾਂਦੇ ਹਨ ਅਤੇ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਕਈ ਵਾਰ ਰਾਹਗੀਰ ਉਸ ਟੋਏ ਵਿਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ---------- ਮਾਲ ਦੀ ਆਵਾਜਾਈ ਹੁੰਦੀ ਹੈ ਪ੍ਰਭਾਵਿਤ - ਗੁਰਸ਼ਰਨ ਸਿੰਘ ਕੀਰਤ ਇੰਟਰਨੈਸ਼ਨਲ ਦੇ ਗੁਰਸ਼ਰਨ ਸਿੰਘ ਨੇ ਕਿਹਾ ਕਿ ਫੋਕਲ ਪੁਆਇੰਟ ਤੇ ਇੰਡਸਟਰੀਅਲ ਏਰੀਏ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਈਆਂ ਹਨ l ਮੀਂਹ ਪੈਣ ਦੇ ਕਾਰਨ ਸੜਕਾਂ ’ਚ ਦੋ-ਦੋ ਫੁੱਟ ਪਾਣੀ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਕੰਮਕਾਜ ਠੱਪ ਹੋ ਜਾਂਦਾ ਹੈ। ਮੀਂਹ ਪੈਣ ਕਾਰਨ ਮਾਲ ਦੀ ਆਵਾਜਾਈ ਰੁਕ ਜਾਂਦੀ ਹੈ। ਬਰਸਾਤੀ ਮੌਸਮ ’ਚ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਹੈ। ਆਪਣੇ ਕੰਮ ’ਤੇ ਪਹੁੰਚਣ ’ਚ ਇਕ ਤੋਂ ਦੋ ਘੰਟੇ ਦਾ ਫਾਲਤੂ ਸਮਾਂ ਲੱਗ ਜਾਂਦਾ ਹੈ। ਲੇਬਰ ਨੂੰ ਪਹੁੰਚਣ ਦੇ ’ਚ ਵੀ ਦੇਰ ਹੁੰਦੀ ਹੈ। ਸਿੱਧਾ ਇੰਡਸਟਰੀ ’ਤੇ ਪੈਂਦਾ ਹੈ ਮੀਂਹ ਦਾ ਅਸਰ - ਦੀਪਕ ਚੋਪੜਾ ਐੱਸਡੀ ਆਟੋ ਇੰਡਸਟਰੀਜ਼ ਦੇ ਦੀਪਕ ਚੋਪੜਾ ਨੇ ਕਿਹਾ ਕਿ ਮੀਂਹ ਪੈਣ ਕਾਰਨ ਸਿੱਧਾ ਅਸਰ ਇੰਡਸਟਰੀ ’ਤੇ ਪੈਂਦਾ ਹੈ। ਬਰਸਾਤੀ ਮੌਸਮ ’ਚ ਬੱਤੀ ਗੁੱਲ ਹੋ ਜਾਂਦੀ ਹੈ, ਲੰਮਾ ਕੱਟ ਲੱਗਣ ਕਾਰਨ ਇੰਡਸਟਰੀ ਪ੍ਰਭਾਵਿਤ ਹੁੰਦੀ ਹੈ। ਜ਼ਿਆਦਾ ਮੀਂਹ ਪੈਣ ਕਾਰਨ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਮੱਛਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਕੋਹਿਨੂਰ ਇੰਡਸਟਰੀ ਤੋਂ ਸੰਜੀਵ ਗੁਪਤਾ ਨੇ ਕਿਹਾ ਕਿ ਬਰਸਾਤੀ ਮੌਸਮ ’ਚ ਸੜਕਾਂ ’ਤੇ ਪਾਣੀ ਜਮ੍ਹਾ ਹੋ ਜਾਂਦਾ ਹੈ ਜਿਸ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ। ਪਾਣੀ ਇਕੱਠਾ ਹੋਣ ਦੀ ਕਾਰਨ ਬਦਬੂ ਫੈਲ ਜਾਂਦੀ ਹੈ ਜਿਸ ਕਾਰਨ ਉਥੋਂ ਲੰਘਣਾ ਔਖਾ ਹੋ ਜਾਂਦਾ ਹੈ। ਲੇਬਰ ਕੰਮ ’ਤੇ ਦੇਰ ਨਾਲ ਪਹੁੰਚਦੀ ਹੈ ਜਿਸ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ।