ਜਲੰਧਰ ਵਰਲਡ ਕਲਾਸ ਰੋਡ ਪ੍ਰੋਜੈਕਟ ਤੋਂ ਬਾਹਰ, ਪੰਜ ਸੜਕਾਂ ਦੀ ਰੀ-ਡਿਜ਼ਾਇਨਿੰਗ ਨਹੀਂ ਹੋਵੇਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਤਿੰਨ ਸ਼ਹਿਰਾਂ ’ਚ ਵਰਲਡ ਕਲਾਸ ਸੜਕਾਂ ਬਣਾਉਣ ਵਾਲੇ ਪ੍ਰੋਜੈਕਟ ’ਚੋਂ ਜਲੰਧਰ ਬਾਹਰ ਹੋ ਗਿਆ ਹੈ। ਜਲੰਧਰ ’ਚ ਲਗਪਗ 15 ਕਿੱਲੋਮੀਟਰ ਸੜਕਾਂ ਨੂੰ ਵਰਲਡ ਕਲਾਸ ਬਣਾਉਣ ਦੀ ਯੋਜਨਾ ਸੀ ਤੇ ਇਸ ਲਈ ਕੰਸਲਟੈਂਟ ਹਾਇਰ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਸੀ ਪਰ ਹੁਣ ਇਸ ਪ੍ਰੋਜੈਕਟ ’ਚ ਜਲੰਧਰ ਸ਼ਾਮਲ ਨਹੀਂ ਹੈ। ਇਹ ਸ਼ਹਿਰ ਦੇ ਇੰਫਰਾਸਟ੍ਰਕਚਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਲੰਧਰ ਨਗਰ ਨਿਗਮ ਨੇ ਇਸ ਪ੍ਰੋਜੈਕਟ ਲਈ ਸ਼ਹਿਰ ਦੀਆਂ ਪੰਜ ਮੁੱਖ ਸੜਕਾਂ ਦੀ ਚੋਣ ਕੀਤੀ ਸੀ ਤੇ ਉਮੀਦ ਸੀ ਕਿ ਪ੍ਰੋਜੈਕਟ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਭੀੜ-ਭਾੜ ਵਾਲੀਆਂ ਸੜਕਾਂ ’ਤੇ ਟ੍ਰੈਫਿਕ ਸੁਚਾਰੂ ਹੋਵੇਗਾ ਤੇ ਹਾਦਸੇ ਘੱਟ ਹੋਣਗੇ। ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਫੁੱਟਪਾਥ, ਸਾਈਕਲ ਟਰੈਕ ਤੇ ਵਾਹਨਾਂ ਲਈ ਵੱਖ-ਵੱਖ ਲੇਨ ਬਣਾਉਣ ਦੀ ਯੋਜਨਾ ਸੀ। ਪੰਜਾਬ ਸਰਕਾਰ ਨੇ ਕਰੀਬ ਇਕ ਸਾਲ ਪਹਿਲਾਂ ਇਸ ਪ੍ਰੋਜੈਕਟ ਲਈ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਨੂੰ ਚੁਣਿਆ ਸੀ। ਇਸ ਤਹਿਤ ਪਹਿਲੇ ਪੜਾਅ ’ਚ ਤਿੰਨਾਂ ਸ਼ਹਿਰਾਂ ’ਚ 42 ਕਿੱਲੋਮੀਟਰ ਸੜਕਾਂ ਬਣਾਈਆਂ ਜਾਣੀਆਂ ਸਨ। ਜਲੰਧਰ ’ਚ 15 ਕਿੱਲੋਮੀਟਰ ਸੜਕਾਂ ਨੂੰ ਵਰਲਡ ਕਲਾਸ ਬਣਾਉਣ ਦਾ ਪਲਾਨ ਸੀ। ਇਸ ਲਈ ਨਗਰ ਨਿਗਮ ਅਧਿਕਾਰੀਆਂ ਨੇ ਸਥਾਨਕ ਪੱਧਰ ’ਤੇ ਆਰਕੀਟੈਕਟ ਤੇ ਸਿਵਲ ਡਿਜ਼ਾਈਨਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਸਨ ਤੇ ਕੰਸਲਟੈਂਟ ਹਾਇਰ ਕਰਨ ਲਈ ਟੈਂਡਰ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਇਹ ਪ੍ਰੋਜੈਕਟ ਰੁਕ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਸੜਕਾਂ ਦੀ ਰੀ-ਡਿਜ਼ਾਇਨਿੰਗ ਹੋਣੀ ਸੀ। ਯੂਟੀਲਿਟੀ ਡਕਟਿੰਗ ਰਾਹੀਂ ਤਾਰਾਂ ਨੂੰ ਅੰਡਰਗ੍ਰਾਊਂਡ ਕਰਕੇ ਖੰਭਿਆਂ ਨੂੰ ਹਟਾਉਣਾ ਸੀ। ਸੜਕਾਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਬਣਾਉਣ ਦੀ ਯੋਜਨਾ ਸੀ। ਨਗਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ ਬੀਐਂਡਆਰ ਰਜਨੀਸ਼ ਡੋਗਰਾ ਨੇ ਕਿਹਾ ਕਿ ਭਾਵੇਂ ਸਰਕਾਰ ਦੇ ਇਸ ਪ੍ਰੋਜੈਕਟ ’ਚ ਹੁਣ ਜਲੰਧਰ ਸ਼ਾਮਲ ਨਹੀਂ ਹੈ ਪਰ ਸ਼ਹਿਰ ’ਚ ਮੁੱਖ ਮੰਤਰੀ ਗ੍ਰਾਂਟ, ਅਸਿਸਟੈਂਸ ਤੇ ਹੋਰ ਗ੍ਰਾਂਟਾਂ ਰਾਹੀਂ ਇਹ ਕੰਮ ਅੱਗੇ ਵਧਾਇਆ ਜਾਵੇਗਾ। ਇਸ ਲੜੀ ’ਚ ਮਾਡਲ ਟਾਊਨ ’ਚ ਨੇਬਰਹੁੱਡ ਗ੍ਰਾਂਟ ਰਾਹੀਂ ਫੁੱਟਪਾਥ ਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਵੀ ਕੀਤਾ ਜਾ ਚੁੱਕਾ ਹੈ।
------------------------
ਇਨ੍ਹਾਂ ਸੜਕਾਂ ’ਤੇ ਹੋਣਾ ਸੀ ਕੰਮ
ਮਾਡਲ ਟਾਊਨ : ਇੱਥੇ ਚੌੜੇ ਫੁੱਟਪਾਥ, ਇਕੋ ਜਿਹੀਆਂ ਦੁਕਾਨਾਂ ਤੇ ਅਜਿਹਾ ਇੰਫਰਾਸਟਰਕਚਰ ਬਣਾਉਣਾ ਸੀ, ਜਿਸ ਨਾਲ ਲੋਕ ਆਸਾਨੀ ਨਾਲ ਪੈਦਲ ਮਾਰਕੀਟ ’ਚ ਘੁੰਮ ਸਕਣ। ਸੁਰੱਖਿਅਤ ਚੌਰਾਹੇ, ਪਾਰਕਿੰਗ ਤੇ ਸੜਕ ਸੁੰਦਰੀਕਰਨ ਦੀ ਯੋਜਨਾ ਸੀ।
--------------------------
ਪਠਾਨਕੋਟ ਚੌਕ ਦੇਵੀ ਤਾਲਾਬ ਮੰਦਰ ਰੋਡ : ਪਠਾਨਕੋਟ ਚੌਕ ਤੋਂ ਦੋਆਬਾ ਚੌਕ ਤੇ ਸ਼੍ਰੀ ਦੇਵੀ ਤਾਲਾਬ ਮੰਦਰ ਤੱਕ ਪੈਦਲ ਮਾਰਗ ਵਿਕਸਤ ਕਰਨਾ ਸੀ। ਇੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ ਤੇ ਕੇਐੱਮਵੀ, ਦੋਆਬਾ ਕਾਲਜ ਸਮੇਤ ਕਈ ਸਕੂਲ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਆਵਾਜਾਈ ਵੀ ਜ਼ਿਆਦਾ ਹੈ। ਫੁੱਟਪਾਥ ਚੌੜੇ ਕਰਨ ਤੇ ਮੀਂਹ ਦੇ ਪਾਣੀ ਲਈ ਸੀਵਰੇਜ ਪ੍ਰਬੰਧ ਵੀ ਕੀਤਾ ਜਾਣਾ ਸੀ।
----------------------
ਨਕੋਦਰ ਰੋਡ ਸਾਈਕਲ ਟਰੈਕ : ਡਾ. ਬੀ.ਆਰ. ਅੰਬੇਡਕਰ ਚੌਕ ਦੇ ਆਲੇ-ਦੁਆਲੇ ਸੜਕਾਂ ਦੀ ਰੀ-ਡਿਜ਼ਾਇਨਿੰਗ ਕਰਨੀ ਸੀ। ਇਹ ਸ਼ਹਿਰ ਦਾ ਸਭ ਤੋਂ ਮਸਰੂਫ ਚੌਕ ਹੈ। ਟ੍ਰੈਫਿਕ ਕੰਟਰੋਲ ਲਈ ਨਵੀਂ ਯੋਜਨਾ ਬਣਾਈ ਗਈ ਸੀ ਤੇ ਪੈਦਲ, ਸਾਈਕਲ ਤੇ ਭਾਰੀ ਵਾਹਨਾਂ ਲਈ ਵੱਖ-ਵੱਖ ਲੇਨ ਬਣਾਉਣੀ ਸੀ।
----------------------
ਚੁਨਮੁਨ ਮਾਲ : ਮਾਡਲ ਟਾਊਨ ਰੋਡ: ਇਹ ਸੜਕ ਪਹਿਲਾਂ ਹੀ ਵਧੀਆ ਹੈ। ਇਸ ਨੂੰ ਨਵੀਂ ਡਿਜ਼ਾਈਨ ਨਾਲ ਹੋਰ ਸੁਧਾਰ ਕੇ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਸੀ। ਫੁੱਟਪਾਥ ਚੌੜੇ ਕਰਨ ਤੇ ਪਾਰਕਿੰਗ ਦੀ ਸਹੂਲਤ ਵੀ ਬਣਾਈ ਜਾਣੀ ਸੀ।
----------------------
ਵੱਧ ਸਕਦੈ ਸੜਕ ਨਿਰਮਾਣ ਦਾ ਬਜਟ
ਨਗਰ ਨਿਗਮ ਇਸ ਵਾਰ ਦੇ ਬਜਟ ’ਚ ਸੜਕਾਂ ਦੇ ਨਿਰਮਾਣ ਲਈ ਰਕਮ ਵਧਾ ਸਕਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਣ ਇਕ ਸਾਲ ਤੋਂ ਘੱਟ ਸਮਾਂ ਰਹਿ ਗਿਆ ਹੈ, ਜਿਸ ਕਰਕੇ ਸ਼ਹਿਰੀ ਵਿਕਾਸ ਦੇ ਕੰਮ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਵਾਰ ਨਿਗਮ ਕਰੀਬ 100 ਕਰੋੜ ਰੁਪਏ ਦਾ ਬਜਟ ਰੱਖ ਸਕਦਾ ਹੈ, ਜਦਕਿ ਪਿਛਲੇ ਸਾਲ ਇਹ ਲਗਭਗ 75 ਕਰੋੜ ਰੁਪਏ ਸੀ। ਨਿਗਮ ਨੂੰ ਕੇਂਦਰ ਸਰਕਾਰ ਦੇ ਨੇਸ਼ਨਲ ਕਲੀਨ ਏਅਰ ਪ੍ਰੋਜੈਕਟ, ਸੀਐੱਮ ਗ੍ਰਾਂਟ, ਅਸਿਸਟੈਂਸ ਗ੍ਰਾਂਟ ਤੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਗ੍ਰਾਂਟਾਂ ਤੋਂ ਵੀ ਫੰਡ ਮਿਲਦਾ ਹੈ।