
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰ ਤੇ ਛੋਟੇ ਹਾਥੀ ਦੀ ਜ਼ਬਰਦਸਤ ਟੱਕਰ, ਪੰਜ ਵਿਅਕਤੀ ਜ਼ਖਮੀ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੈਸ਼ਨਲ ਹਾਈਵੇ ’ਤੇ ਫਿਲੌਰ-ਗੁਰਾਇਆ ਰੋਡ ’ਤੇ ਡੀਐੱਸ ਢਾਬੇ ਨੇੜੇ ਕਾਰ ਤੇ ਛੋਟੇ ਹਾਥੀ ਵਿਚਕਾਰ ਹੋਈ ਜ਼ਬਰਦਸਤ ਟੱਕਰ ’ਚ ਕਾਰ ਸਵਾਰ ਚਾਰ ਵਿਅਕਤੀਆਂ ਸਮੇਤ ਛੋਟੇ ਹਾਥੀ ਦਾ ਚਾਲਕ ਜ਼ਖਮੀ ਹੋ ਗਿਆ। ਹਾਦਸੇ ’ਚ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਦਿੰਦਿਆਂ ਐੱਸਐੱਸਐੱਫ ਪੁਲਿਸ ਟੀਮ ਦੇ ਡਿਊਟੀ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਮਿਲਣ ’ਤੇ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਛੋਟਾ ਹਾਥੀ ਜਲੰਧਰ ਵਾਲੀ ਸਾਈਡ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ, ਜਦਕਿ ਕਾਰ ਪਟਿਆਲਾ ਵਾਲੀ ਸਾਈਡ ਤੋਂ ਪਠਾਨਕੋਟ ਵੱਲ ਜਾ ਰਹੀ ਸੀ। ਸਰਬਜੀਤ ਸਿੰਘ ਅਨੁਸਾਰ, ਛੋਟਾ ਹਾਥੀ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆਂ ਦੂਜੇ ਪਾਸੇ ਜਾ ਪੁੱਜਿਆ, ਜਿੱਥੇ ਉਸ ਦੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੀ ਇਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ’ਚ ਦੋ ਮਰਦ ਤੇ ਦੋ ਔਰਤਾਂ ਸ਼ਾਮਲ ਸਨ। ਹਾਦਸੇ ’ਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਛੋਟਾ ਹਾਥੀ ਚਲਾ ਰਹੇ ਵਿਅਕਤੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਫਿਲੌਰ ਥਾਣੇ ਦੇ ਮੁਨਸ਼ੀ ਨੂੰ ਦੇ ਦਿੱਤੀ ਗਈ ਹੈ।