ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦੇ ਮਾਮਲੇ ’ਚ ਪੰਜ ਕਾਬੂ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦੇ ਮਾਮਲੇ ਵਿੱਚ ਪੰਜ ਕਾਬੂ
Publish Date: Tue, 28 Jul 2026 07:10 PM (IST)
Updated Date: Tue, 28 Jul 2026 07:13 PM (IST)
ਕਾਬੂ ਕੀਤੇ ਮੁਲਜ਼ਮਾਂ ’ਚੋਂ ਦੋ ਨਬਾਲਿਗ, ਗ੍ਰਿਫਤਾਰੀ ਤੋਂ ਭੱਜਦੇ ਇਕ ਨੇ ਤੁੜਵਾਈ ਲੱਤ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਥਾਣਾ-8 ਦੀ ਪੁਲਿਸ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਗੁੰਡਾਗਰਦੀ ਦੀ ਵੀਡੀਓ ਦੇ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰਫਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਦੋ ਨਬਾਲਿਗ ਦੱਸੇ ਜਾ ਰਹੇ ਹਨ, ਜਦਕਿ ਇਕ ਨੇ ਪੁਲਿਸ ਪਾਰਟੀ ਤੋਂ ਬਚਣ ਲਈ ਕੰਧ ਤੋ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਦੀ ਲੱਤ ਟੁੱਟ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਉਸਦੀ ਗ੍ਰਿਫਤਾਰੀ ਪਾਈ ਗਈ। ਏਡੀਸੀਪੀ ਅਕਾਰਸ਼ੀ ਜੈਨ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਨੌਜਵਾਨ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਕੁਝ ਨੌਜਵਾਨਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਸਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਥਾਣਾ ਨੰਬਰ ਅੱਠ ਵਿਚ ਧਾਰਾ 115(2) 118(1) 118(2) 190 191(3) ਅਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਥਾਣਾ-8 ਦੇ ਐੱਸਐੱਚਓ ਸਾਹਿਲ ਚੌਧਰੀ ਵੱਲੋਂ ਏਐੱਸਆਈ ਰਾਕੇਸ਼ ਕੁਮਾਰ ਨੂੰ ਦਿੱਤੀ ਗਈ। ਬੀਤੇ ਦਿਨੀ ਏਐੱਸਆਈ ਰਾਕੇਸ਼ ਕੁਮਾਰ ਨੇ ਮੁਖਬਰ ਖਾਸ ਦੀ ਸੂਚਨਾ ’ਤੇ ਉਕਤ ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰੀ ਕਰਨ ਲਈ ਛਾਪਾਮਾਰੀ ਕੀਤੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਜੇ ਵਾਸੀ ਸੰਤੋਖਪੁਰਾ, ਆਕਾਸ਼ ਸ਼ਰਮਾ ਉਰਫ ਨੇਪਾਲੀ ਵਾਸੀ ਹਰਦੀਪ ਨਗਰ ,ਪਵਨਦੀਪ ਸਿੰਘ ਉਰਫ ਭਠੂਰਾ ਵਾਸੀ 3 ਸਟਾਰ ਕਲੋਨੀ ਅਤੇ ਦੋ ਨਬਾਲਗਾਂ ਨੂੰ ਗਿਰਫਤਾਰ ਕਰ ਲਿਆ, ਜਦੋਂ ਪੁਲਿਸ ਪਾਰਟੀ ਆਕਾਸ਼ ਸ਼ਰਮਾ ਉਫ ਨੇਪਾਲੀ ਨੂੰ ਗਿਰਫਤਾਰ ਕਰਨ ਲੱਗੀ ਤਾਂ ਉਸ ਨੇ ਪੁਲਿਸ ਤੋਂ ਬਚਣ ਲਈ ਕੰਧ ਤੋਂ ਹੇਠਾਂ ਛਾਲ ਮਾਰ ਦਿੱਤੀ। ਜਖਮੀ ਹਾਲਤ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਏਡੀਸੀਪੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਨਬਾਲਗਾਂ ਨੂੰ ਯੂਵਿਨਾਈਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਜਦਕਿ ਬਾਕੀ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਦੋ ਤੇਜ਼ਧਾਰ ਹਥਿਆਰ ਤੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਪੁੱਛਗਿਛ ਕਰ ਰਹੀ ਹੈ।