
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਰਕਾਰ ਵਲੋਂ ਜਲੰਧਰ ’ਚ ਆਲੂ ਉਤਪਾਦਕਾਂ ਲਈ ਖੇਤਰ ਦੀ ਪਹਿਲੀ ਸਰਕਾਰੀ ਵਾਇਰਸ ਇੰਡੈਕਸਿੰਗ ਲੈਬ ਦੀ ਸ਼ੁਰੂਆਤ

ਫਸਲ ਦੇ ਝਾੜ ਨੂੰ ਸੁਰੱਖਿਅਤ ਰੱਖਣ ਤੇ ਆਮਦਨੀ ਵਧਾਉਣ ਲਈ ਨੂੰ ਬਣਾਏਗੀ ਯਕੀਨੀ : ਭਗਤ
ਪ੍ਰਾਜੈਕਟ ਦਾ ਮੰਤਵ ਬਿਮਾਰੀ ਮੁਕਤ ਆਲੂ ਬੀਜ ਉਤਪਾਦਨ ਨੂੰ ਮਜ਼ਬੂਤ ਕਰਨਾ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸੂਬੇ ’ਚ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਸੈਂਟਰ ਆਫ਼ ਐਕਸੀਲੈਂਸ ਫਾਰ ਪੋਟੈਟੋ, ਧੋਗੜੀ ਵਿਖੇ ਦੋਆਬਾ ਖੇਤਰ ਦੀ ਪਹਿਲੀ ਸਰਕਾਰੀ ਵਾਇਰਸ ਇੰਡੈਕਸਿੰਗ ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ। ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਅਤਿ ਆਧੁਨਿਕ ਲੈਬੋਰੇਟਰੀ ਸੂਬੇ ਵਿਚ ਬਾਗਬਾਨੀ ਖੇਤਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਉਦਘਾਟਨੀ ਸਮਾਗਮ ਦੌਰਾਨ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਤੇ ਡਾਇਰੈਕਟਰ ਬਾਗਬਾਨੀ ਮਨੀਸ਼ ਕੁਮਾਰ, ਜੁਆਇੰਟ ਡਾਇਰੈਕਟਰ ਗੁਰਸ਼ਰਨ ਸਿੰਘ ਤੇ ਹਰਮੇਲ ਸਿੰਘ, ਡਿਪਟੀ ਡਾਇਰੈਕਟਰ ਡਾ. ਨਰਿੰਦਰ ਪਾਲ ਕਲਸੀ, ਕੰਟਰੋਲਿੰਗ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਡਾ. ਰੁਪਿੰਦਰ ਸਿੰਘ ਗਿੱਲ, ਪ੍ਰਾਜੈਕਟ ਅਫ਼ਸਰ ਡਾ. ਦਮਨਦੀਪ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਭਗਤ ਨੇ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਹਜ਼ਾਰਾਂ ਆਲੂ ਉਤਪਾਦਕਾਂ ਦੀ ਮਦਦ ਲਈ ਇਕ ਕ੍ਰਾਂਤੀਕਾਰੀ ਪਹਿਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਅਤਿ-ਆਧੁਨਿਕ ਲੈਬੋਰੇਟਰੀ ਐਡਵਾਂਸ ਡਾਇਗਨੌਸਟਿਕ ਤਕਨੀਕ ਨਾਲ ਲੈਸ ਹੈ, ਜੋ ਬੀਜ ਤੋਂ ਫੈਲਣ ਵਾਲੇ ਵਾਇਰਸ ਦਾ ਸ਼ੁਰੂਆਤੀ ਪੜਾਅ ’ਚ ਹੀ ਪਤਾ ਲਗਾਉਣ ਦੇ ਸਮਰੱਥ ਹੈ। ਇਹ ਲੈਬ ਯਕੀਨੀ ਬਣਾਏਗੀ ਕਿ ਕਿਸਾਨ ਪ੍ਰਭਾਵਿਤ ਬੀਜ ਨਾ ਬੀਜਣ, ਜਿਸ ਨਾਲ ਫਸਲ ਉਗਾਉਣ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇਗਾ, ਬਿਮਾਰੀ ਰਹਿਤ ਆਲੂ ਬੀਜਾਂ ਦੀ ਉਪਲਬਧਤਾ ਵਧਾ ਕੇ ਮਜ਼ਦੂਰੀ ਅਤੇ ਮਹੱਤਵਪੂਰਣ ਵਿੱਤੀ ਸਾਧਨਾਂ ਦੀ ਬਚਤ ਵੀ ਹੋਵੇਗੀ।
ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਨੇ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਖੇਤੀਬਾੜੀ ਦੇ ਚੰਗੇ ਹਾਲਾਤ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਮਜ਼ਬੂਤ ਕਰਨ ਤੋਂ ਬਿਨਾਂ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ। ਉਦਘਾਟਨੀ ਸਮਾਗਮ ਦੌਰਾਨ ਨੇੜਲੇ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਤਰਨ ਤਾਰਨ ਅਤੇ ਅੰਮ੍ਰਿਤਸਰ ਸ਼ਾਮਿਲ ਹਨ, ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ 200 ਤੋਂ ਵੱਧ ਆਲੂ ਉਤਪਾਦਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ। ਉਦਘਾਟਨੀ ਸਮਾਗਮ ਦੌਰਾਨ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਅਤੇ ਡਾਇਰੈਕਟਰ ਬਾਗਬਾਨੀ ਮਨੀਸ਼ ਕੁਮਾਰ, ਜੁਆਇੰਟ ਡਾਇਰੈਕਟਰ ਗੁਰਸ਼ਰਨ ਸਿੰਘ ਤੇ ਹਰਮੇਲ ਸਿੰਘ, ਡਿਪਟੀ ਡਾਇਰੈਕਟਰ ਡਾ. ਨਰਿੰਦਰ ਪਾਲ ਕਲਸੀ, ਕੰਟਰੋਲਿੰਗ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਡਾ. ਰੁਪਿੰਦਰ ਸਿੰਘ ਗਿੱਲ, ਪ੍ਰਾਜੈਕਟ ਅਫ਼ਸਰ ਡਾ. ਦਮਨਦੀਪ ਸਿੰਘ ਵੀ ਮੌਜੂਦ ਸਨ।