ਐੱਨਆਰਆਈ ਪਰਿਵਾਰ ਦੇ ਘਰ ’ਤੇ ਫਾਇਰਿੰਗ
ਭੱਟਨੂਰਾ ਲੁਬਾਣਾ ’ਚ ਐੱਨਆਰਆਈ ਪਰਿਵਾਰ ਦੇ ਘਰ ਫਾਇਰਿੰਗ, ਪਰਿਵਾਰਕ ਵਿਵਾਦ ਦਾ ਮਾਮਲਾ
Publish Date: Thu, 19 Feb 2026 09:54 PM (IST)
Updated Date: Thu, 19 Feb 2026 09:57 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਭਟਨੂਰਾ ਲੁਬਾਣਾ ’ਚ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇਕ ਐੱਨਆਰਆਈ ਪਰਿਵਾਰ ਦੇ ਘਰ ’ਤੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਭਟਨੂਰਾ ਲੁਬਾਣਾ ’ਚ ਰਹਿੰਦੇ ਐੱਨਆਰਆਈ ਮਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਧੀ ਪਰਮਿੰਦਰ ਕੌਰ ਦੇ ਵਿਆਹ ਸਬੰਧੀ ਵਿਦੇਸ਼ ਤੋਂ ਪਿੰਡ ਆਏ ਹੋਏ ਹਨ। ਬੀਤੀ ਰਾਤ ਕਰੀਬ 1:45 ਵਜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਤੇ ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਾਣਜਾ ਸ਼ਮਸ਼ੇਰ ਵਿਆਹ ’ਚ ਸ਼ਾਮਲ ਹੋਣ ਨੂੰ ਲੈ ਕੇ ਰਿਸ਼ਤੇਦਾਰਾਂ ਨੂੰ ਧਮਕੀਆਂ ਦੇ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਜੇ ਕੋਈ ਵਿਆਹ ’ਚ ਆਇਆ ਤਾਂ ਝਗੜਾ ਕੀਤਾ ਜਾਵੇਗਾ। ਮਨਜੀਤ ਸਿੰਘ ਨੇ ਸ਼ੱਕ ਜਤਾਇਆ ਹੈ ਕਿ ਇਹ ਫਾਇਰਿੰਗ ਉਸਦੇ ਭਾਣਜੇ ਵੱਲੋਂ ਕਰਵਾਈ ਗਈ ਹੋ ਸਕਦੀ ਹੈ। ਉਸਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਦੇ ਥਾਣਾ ਭੋਗਪੁਰ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਆਦਮਪੁਰ ਰਾਜੀਵ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਇਹ ਕੋਈ ਗੈਂਗਵਾਰ ਦਾ ਮਾਮਲਾ ਨਹੀਂ, ਸਗੋਂ ਪਰਿਵਾਰਕ ਵਿਵਾਦ ਨਾਲ ਸਬੰਧਤ ਲੱਗਦਾ ਹੈ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।