- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਵਿੱਚ ਪਟਾਖਾ ਵਪਾਰੀ ਨਿਰਾਸ਼, ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਮਿਲ ਰਿਹਾ : ਰਵੀ ਮਹਾਜਨ

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਦੀਵਾਲੀ ਤਿਉਹਾਰ ’ਚ ਹੁਣ ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਬਾਕੀ ਰਹਿ ਗਿਆ ਹੈ, ਪਰ ਜਲੰਧਰ ਦੇ ਸੈਂਕੜੇ ਪਟਾਖਾ ਵਪਾਰੀ ਅੱਜ ਵੀ ਆਪਣੇ ਭਵਿੱਖ ਨੂੰ ਲੈ ਕੇ ਭੰਬਲਭੂਸੇ ਤੇ ਚਿੰਤਾ ਵਿੱਚ ਹਨ। ਮਹਾਵੀਰ ਬਜਰੰਗਬਲੀ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ’ਤੇ ਵਪਾਰੀਆਂ ਦੀ ਲਗਾਤਾਰ ਅਣਦੇਖੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪਟਾਖਾ ਕਾਰੋਬਾਰੀਆਂ ਨੂੰ ਸਿਰਫ਼ ਭਰੋਸੇ ਹੀ ਮਿਲੇ ਹਨ, ਹੱਲ ਨਹੀਂ। ਉਨ੍ਹਾਂ ਕਿਹਾ ਕਿ ਸਾਲ 2025 ਵਿੱਚ ਬਰਲਟਨ ਪਾਰਕ ਤੋਂ ਪਟਾਖਾ ਮਾਰਕੀਟ ਹਟਾਏ ਜਾਣ ਤੋਂ ਬਾਅਦ ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਸਥਾਈ ਅਤੇ ਸੁਚੱਜੀ ਥਾਂ ਨਿਸ਼ਚਿਤ ਨਹੀਂ ਕੀਤੀ ਗਈ, ਜਿੱਥੇ ਵਪਾਰੀ ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਕਰ ਸਕਣ। ਇਸ ਕਾਰਨ ਹਰ ਸਾਲ ਦੀਵਾਲੀ ਤੋਂ ਪਹਿਲਾਂ ਵਪਾਰੀਆਂ ਨੂੰ ਅਣਿਸ਼ਚਿਤਤਾ, ਆਰਥਿਕ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2025 ਵਿੱਚ ਵੀ ਪ੍ਰਸ਼ਾਸਨਿਕ ਅਵਿਵਸਥਾ ਦਾ ਖਾਮਿਆਜ਼ਾ ਵਪਾਰੀਆਂ ਨੂੰ ਭੁਗਤਣਾ ਪਿਆ ਸੀ। ਆਖਰੀ ਸਮੇਂ ’ਚ ਪਠਾਨਕੋਟ ਚੌਂਕ ਦੇ ਨੇੜੇ ਬਣਾਈ ਗਈ ਅਸਥਾਈ ਮਾਰਕੀਟ ਵਿੱਚ ਜਗ੍ਹਾ ਦੀ ਭਾਰੀ ਕਮੀ ਸੀ, ਜਿਸ ਕਾਰਨ ਕਈ ਵਪਾਰੀਆਂ ਨੂੰ ਯੋਗ ਥਾਂ ਨਹੀਂ ਮਿਲ ਸਕੀ। ਸਹੂਲਤਾਂ ਅਤੇ ਪ੍ਰਸ਼ਾਸਨਿਕ ਸਹਿਯੋਗ ਦੀ ਘਾਟ ਕਾਰਨ ਬਹੁਤ ਸਾਰੇ ਦੁਕਾਨਦਾਰਾਂ ਨੂੰ ਦੀਵਾਲੀ ਸੀਜ਼ਨ ਦੌਰਾਨ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ।