- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਾਕਾ ਮਾਰਕੀਟ ਵਿਵਾਦ ਸੁਲਝਿਆ, ਹੁਣ ਅਸਲ ਇਮਤਿਹਾਨ ਪ੍ਰਸ਼ਾਸਨ ਦਾ!

-ਦੋਵਾਂ ਧਿਰਾਂ ਵਿਚਾਲੇ ਬਣੀ ਸਹਿਮਤੀ ਪਰ ਪਹਿਲਾਂ ਲਾਏ ਇਤਰਾਜ਼ਾਂ ਦਾ ਕੀ ਬਣਿਆ
-ਸਟੇਅ ਹਟਣ ਤੇ ਲਾਇਸੈਂਸ ਮਿਲਣ ’ਤੇ ਅਜੇ ਵੀ ਸਸਪੈਂਸ
-29 ਦਾ ਡਰਾਅ ਮੁਲਤਵੀ, ਨਵੀਂ ਤਰੀਕ ਬਾਰੇ ਹੁਕਮਾਂ ਦੀ ਉਡੀਕ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ-ਪਠਾਨਕੋਟ ਰੋਡ ਸਥਿਤ ਪਿੰਡ ਰਾਓਵਾਲੀ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਬਾਅਦ ਆਖਿਰ ਪਿੰਡ ਦੀ ਪੰਚਾਇਤ ਤੇ ਪਟਾਕਾ ਵਪਾਰੀਆਂ ਵਿਚਾਲੇ ਸਹਿਮਤੀ ਬਣ ਹੀ ਗਈ। ਚਾਹੇ ਪੰਚਾਇਤ ਵੱਲੋਂ ਅਦਾਲਤ ’ਚੋਂ ਕੇਸ ਵਾਪਸ ਲੈ ਲਿਆ ਗਿਆ ਹੈ ਪਰ ਅਜੇ ਅਦਾਲਤੀ ਹੁਕਮਾਂ ਦੀ ਕਾਪੀ ਆਉਣੀ ਬਾਕੀ ਹੈ। ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸਮਝੌਤੇ ਤੱਕ ਤਾਂ ਪਹੁੰਚ ਗਿਆ ਹੈ ਪਰ ਮਾਰਕੀਟ ਲੱਗਣ ਦਾ ਰਾਹ ਅਜੇ ਪੂਰੀ ਤਰ੍ਹਾਂ ਸਾਫ਼ ਨਹੀਂ ਹੋਇਆ। ਪੰਚਾਇਤ ਤੇ ਪਟਾਕਾ ਵਪਾਰੀਆਂ ਵਿਚਾਲੇ ਸਹਿਮਤੀ ਬਣਨ ਨਾਲ ਵਿਵਾਦ ਨੂੰ ਠੱਲ੍ਹ ਪੈਣ ਦੀ ਉਮੀਦ ਜ਼ਰੂਰ ਜਾਗੀ ਹੈ ਪਰ ਆਰਜੀ ਦੁਕਾਨਾਂ ਦੇ ਲਾਇਸੈਂਸ ਡਰਾਅ ਤੇ ਪ੍ਰਸ਼ਾਸਨਿਕ ਮਨਜ਼ੂਰੀ ਵਰਗੇ ਅਹਿਮ ਮੁੱਦਿਆਂ ’ਤੇ ਸਥਿਤੀ ਸਪੱਸ਼ਟ ਹੋਣੀ ਅਜੇ ਬਾਕੀ ਹੈ। ਸਵਾਲ ਇਹ ਹੈ ਕਿ ਜਦੋਂ ਦੋਵੇਂ ਧਿਰਾਂ ਗੱਲਬਾਤ ਰਾਹੀਂ ਸਹਿਮਤੀ ਬਣਾਉਣ ਦਾ ਦਾਅਵਾ ਕਰ ਰਹੀਆਂ ਹਨ ਤਾਂ ਫਿਰ ਪ੍ਰਸ਼ਾਸ਼ਨ ਵੱਲੋਂ ਮਾਰਕੀਟ ਲਗਾਉਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਵਿੱਚ ਦੇਰੀ ਕਿਉਂ ਹੋ ਰਹੀ ਹੈ।
-------------------------
ਸਟੇਅ ਵਾਪਸ ਲੈਣ ਦੀ ਗੱਲ ਪਰ ਹੁਕਮ ਕਿੱਥੇ
ਪਟਾਕਾ ਮਾਰਕੀਟ ’ਤੇ ਲੱਗੇ ਸਟੇਅ ਨੂੰ ਵਾਪਸ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ ਪਰ ਸਟੇਅ ਕਿਸ ਅਥਾਰਟੀ ਜਾਂ ਅਦਾਲਤ ਵੱਲੋਂ ਲਾਇਆ ਗਿਆ ਸੀ ਤੇ ਉਸ ਨੂੰ ਹਟਾਉਣ ਸਬੰਧੀ ਕੋਈ ਰਸਮੀ ਹੁਕਮ ਜਾਰੀ ਹੋਇਆ ਹੈ ਜਾਂ ਨਹੀਂ, ਇਸ ਬਾਰੇ ਸਥਿਤੀ ਸਪੱਸ਼ਟ ਹੋਣੀ ਜ਼ਰੂਰੀ ਹੈ। ਆਪਸੀ ਸਹਿਮਤੀ ਆਪਣੀ ਜਗ੍ਹਾ ਹੈ ਪਰ ਜੇ ਕੋਈ ਕਾਨੂੰਨੀ ਰੋਕ ਲਾਗੂ ਹੈ ਤਾਂ ਉਸ ਨੂੰ ਹਟਾਉਣ ਦੀ ਰਸਮੀ ਪ੍ਰਕਿਰਿਆ ਪੂਰੀ ਕਰਨੀ ਵੀ ਲਾਜ਼ਮੀ ਹੈ।
-----------------------
ਹੁਣ ਵਪਾਰੀਆਂ ਦੀਆਂ ਨਜ਼ਰਾਂ ਪ੍ਰਸ਼ਾਸਨ ’ਤੇ
ਪਟਾਕਾ ਮਾਰਕੀਟ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਵਾਸਤੇ 29 ਅਕਤੂਬਰ 2026 ਨੂੰ ਨਿਰਧਾਰਤ ਡਰਾਅ ਪ੍ਰਸ਼ਾਸਨਿਕ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਜਾਣ ਦੀ ਜਾਣਕਾਰੀ ਹੈ। ਹੁਣ ਪੰਚਾਇਤ ਤੇ ਵਪਾਰੀਆਂ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਵਪਾਰੀਆਂ ਨੂੰ ਉਮੀਦ ਹੈ ਕਿ ਪ੍ਰਕਿਰਿਆ ਮੁੜ ਅੱਗੇ ਵਧੇਗੀ। ਪਰ ਨਵੀਂ ਤਾਰੀਖ ਦਾ ਐਲਾਨ ਤੇ ਲਾਇਸੈਂਸ ਸਬੰਧੀ ਅਧਿਕਾਰਤ ਹੁਕਮ ਜਾਰੀ ਹੋਣ ਤੱਕ ਅੰਤਿਮ ਫ਼ੈਸਲੇ ਦੀ ਉਡੀਕ ਕਰਨੀ ਪਵੇਗੀ।
-----------------------
ਸੁਰੱਖਿਆ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ ਧਿਰਾਂ
ਪਿੰਡ ਵਾਸੀਆਂ ਵੱਲੋਂ ਸੁਰੱਖਿਆ ਸਬੰਧੀ ਉਠਾਏ ਗਏ ਸਵਾਲਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਟਾਕਾ ਮਾਰਕੀਟ ਵਰਗੇ ਸੰਵੇਦਨਸ਼ੀਲ ਮਾਮਲੇ ਵਿੱਚ ਅੱਗ ਤੋਂ ਬਚਾਅ, ਆਵਾਜਾਈ, ਐਮਰਜੈਂਸੀ ਪ੍ਰਬੰਧ ਅਤੇ ਹੋਰ ਲਾਜ਼ਮੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣੀ ਜ਼ਰੂਰੀ ਹੈ। ਸਿਰਫ਼ ਸਹਿਮਤੀ ਬਣ ਜਾਣ ਨਾਲ ਇਹ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ।
--------------------------
ਕਿਥੇ ਗਏ ਪੰਚਾਇਤ ਵੱਲੋਂ ਜਤਾਏ ਗਏ ਇਤਰਾਜ਼?
ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਮਾਰਕੀਟ : ਪੰਚਾਇਤ ਦਾ ਦੋਸ਼ ਸੀ ਕਿ ਪਿੰਡ ਵਾਸੀਆਂ ਤੇ ਪੰਚਾਇਤ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਤੇ ਐੱਨਓਸੀ ਲਏ ਬਿਨਾਂ ਪਟਾਕਾ ਮਾਰਕੀਟ ਸਥਾਪਤ ਕੀਤੀ ਜਾ ਰਹੀ ਸੀ।
ਸਿਰਫ਼ 10 ਫੁੱਟ ਚੌੜਾ ਰਸਤਾ : ਪੰਚਾਇਤ ਅਨੁਸਾਰ, ਪਿੰਡ ਨੂੰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਨਾਲ ਜੋੜਨ ਵਾਲਾ ਰਸਤਾ ਸਿਰਫ਼ 10 ਫੁੱਟ ਚੌੜਾ ਹੈ ਤੇ ਹਾਈਵੇ ਵੱਲ ਜਾਣ ਲਈ ਹੋਰ ਕੋਈ ਰਸਤਾ ਨਹੀਂ ਹੈ।
ਰਿਹਾਇਸ਼ੀ ਇਲਾਕੇ ਤੇ ਫੈਕਟਰੀਆਂ ਨੇੜੇ : ਪੰਚਾਇਤ ਨੇ ਅਦਾਲਤ ’ਚ ਕਿਹਾ ਸੀ ਕਿ ਪ੍ਰਸਤਾਵਿਤ ਮਾਰਕੀਟ ਵਾਲੀ ਜ਼ਮੀਨ ਦੇ ਆਲੇ-ਦੁਆਲੇ ਕਈ ਫੈਕਟਰੀਆਂ, ਰਿਹਾਇਸ਼ੀ ਮਕਾਨ ਤੇ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਘਰ ਹਨ।
ਪੈਟਰੋਲ ਪੰਪ ਨੇੜੇ ਹੋਣ ਦਾ ਇਤਰਾਜ਼ : ਪੰਚਾਇਤ ਨੇ ਦਲੀਲ ਦਿੱਤੀ ਸੀ ਕਿ ਜ਼ਮੀਨ ਦੇ ਨੇੜੇ ਪੈਟਰੋਲ ਪੰਪ ਵੀ ਹੈ, ਜਿਸ ਕਾਰਨ ਅੱਗ ਜਾਂ ਧਮਾਕੇ ਦੀ ਸਥਿਤੀ ’ਚ ਜਾਨੀ ਤੇ ਮਾਲੀ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ।
ਪਿੰਡ ਵਾਸੀਆਂ ਦੇ ਵਿਰੋਧ ਦਾ ਦਾਅਵਾ : ਅਦਾਲਤੀ ਹੁਕਮਾਂ ’ਚ ਦਰਜ ਪੰਚਾਇਤ ਦੇ ਪੱਖ ਅਨੁਸਾਰ, 10 ਅਕਤੂਬਰ ਨੂੰ ਆਮ ਇਜਲਾਸ ਬੁਲਾਇਆ ਗਿਆ ਸੀ, ਜਿਸ ’ਚ ਲਗਭਗ 300 ਪਿੰਡ ਵਾਸੀਆਂ ਦੇ ਦਸਤਖ਼ਤ ਹੋਣ ਦਾ ਦਾਅਵਾ ਕੀਤਾ ਗਿਆ।
ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਦਾ ਦੋਸ਼ : ਪੰਚਾਇਤ ਨੇ ਦਾਅਵਾ ਕੀਤਾ ਸੀ ਕਿ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ, ਜਲੰਧਰ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਪਰ ਉਸ ਸਮੇਂ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ।
ਵਿਸਫੋਟਕ ਨਿਯਮਾਂ ਦੀ ਉਲੰਘਣਾ ਦਾ ਇਤਰਾਜ਼ : ਪੰਚਾਇਤ ਨੇ ਵਿਸਫੋਟਕ ਨਿਯਮ, 2008 ਤੇ ਪੰਜਾਬ ਸਰਕਾਰ ਵੱਲੋਂ 6 ਜਨਵਰੀ 2018 ਤੇ 16 ਸਤੰਬਰ 2025 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਉਲੰਘਣਾ ਦਾ ਮੁੱਦਾ ਵੀ ਚੁੱਕਿਆ ਸੀ।
----------------------
ਮੰਗਾਂ ਮੰਨੇ ਜਾਣ ਤੋਂ ਬਾਅਦ ਹੋਇਆ ਸਮਝੌਤਾ : ਸਰਪੰਚ
ਇਸ ਸਬੰਧੀ ਗ੍ਰਾਮ ਪੰਚਾਇਤ ਪਿੰਡ ਰਾਓਵਾਲੀ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਕੇਸ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਮਝੌਤੇ ਵਜੋਂ ਪਟਾਕਾ ਵਪਾਰੀਆਂ ਨੇ ਮੰਨਿਆ ਹੈ ਕਿ ਮਾਰਕੀਟ ਆਲਾ-ਦੁਆਲਾ ਛੱਡਕੇ ਵਿਚਾਲੇ ਲਗਾਈ ਜਾਵੇਗੀ ਤਾਂਕਿ ਪਿੰਡ ਜਾਂ ਕਿਸੇ ਵੀ ਪਿੰਡ ਵਾਸੀ ਦਾ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪਟਾਕਾ ਵਾਪਰੀਆਂ ਵੱਲੋਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਅਦਾਲਤ ਵਿੱਚ ਸਮਝੌਤਾ ਲਿਖਕੇ ਦੇ ਦਿੱਤਾ ਗਿਆ ਹੈ।
------------------------
ਪੰਚਾਇਤ ਨੇ ਦਿੱਤਾ ਸਹਿਯੋਗ ਦਾ ਭਰੋਸਾ : ਭੰਡਾਰੀ
ਇਸੇ ਤਰ੍ਹਾਂ ਪਟਾਕਾ ਮਾਰਕੀਟ ਦੇ ਸੀਨੀਅਰ ਕਾਰਕੁੰਨ ਵਿਕਾਸ ਭੰਡਾਰੀ ਨੇ ਕਿਹਾ ਕਿ ਪੰਚਾਇਤ ਅਤੇ ਪਟਾਕਾ ਮਾਰਕੀਟ ਦੇ ਮੈਂਬਰਾਂ ਵਿਚਾਲੇ ਹੋਈ ਗੱਲਬਾਤ ਦੌਰਾਨ ਮਾਰਕੀਟ ਲਗਾਉਣ ਦੇ ਮੁੱਦੇ ’ਤੇ ਸਹਿਮਤੀ ਬਣ ਗਈ ਹੈ। ਪੰਚਾਇਤ ਨੇ ਮਾਰਕੀਟ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ, ਜਦਕਿ ਵਪਾਰੀਆਂ ਨੇ ਵੀ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰਨ ਦੀ ਗੱਲ ਕਹੀ ਹੈ। ਇਸ ਦੌਰਾਨ ਪਟਾਕਾ ਮਾਰਕੀਟ ਦੇ ਅਹੁਦੇਦਾਰ ਧੀਰਜ ਕੁਮਾਰ, ਰਵੀ ਮਹਾਜਨ ਅਤੇ ਸੰਜੀਵ ਬਹਿਰੀ ਸਮੇਤ ਹੋਰ ਮੈਂਬਰਾਂ ਵੀ ਮੌਜੂਦ ਸਨ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ।