11 ਕੇਵੀ ਕੇਬਲ ਨੂੰ ਲੱਗੀ ਅੱਗ ਕਾਰਨ 18 ਘੰਟੇ ਗੁੱਲ ਰਹੀ ਬਿਜਲੀ 11 ਕੇਵੀ ਕੇਬਲ ਨੂੰ ਲੱਗੀ ਅੱਗ, ਕਿਸ਼ਨਪੁਰਾ ਦੀਆਂ ਪੰਜ ਗਲੀਆਂ
Publish Date: Sat, 25 Jul 2026 08:57 PM (IST)
Updated Date: Sat, 25 Jul 2026 08:58 PM (IST)
- ਹੁਣ ਫਾਲਟ ਠੀਕ ਕਰਨ ਲਈ ਪਾਵਰਕਾਮ ਦੇ ਸਾਹਮਣੇ ਚੁਣੌਤੀ, ਸੀਐੱਚਬੀ ਕਰਮਚਾਰੀ ਵੀ ਹੜਤਾਲ ’ਤੇ ਗਏ ਤਰੁਣਦੀਪ ਮਹਿਰਾ, ਪੰਜਾਬੀ ਜਾਗਰਣ, ਜਲੰਧਰ : ਕਿਸ਼ਨਪੁਰਾ ’ਚ 11 ਕੇਵੀ ਕੇਬਲ ਸੜਨ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਨੀਕੀ ਸਟਾਫ਼ ਦੇ ਹੜਤਾਲ ਤੇ ਹੋਣ ਕਾਰਨ ਕੇਬਲ ਬਦਲਣ ’ਚ ਸਮਾਂ ਲੱਗ ਗਿਆ। ਬਿਜਲੀ ਨਾ ਆਉਣ ਕਾਰਨ ਲੋਕਾਂ ਦੀ ਰੋਜ਼ਮਰ੍ਹਾ ਵੀ ਪ੍ਰਭਾਵਿਤ ਰਹੀ। ਕਿਸ਼ਨਪੁਰਾ ਦੇ ਕੁਝ ਇਲਾਕਿਆਂ ਦੀਆਂ ਪੰਜ ਗਲੀਆਂ ’ਚ ਬਿਜਲੀ ਬੰਦ ਰਹੀ। ਸਵੇਰੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ ਤੇ ਘਰਾਂ ਦਾ ਕੰਮਕਾਜ ਠੱਪ ਹੋ ਗਿਆ। ਬੀਤੇ ਸ਼ੁੱਕਰਵਾਰ ਦੀ ਰਾਤ ਕਰੀਬ ਇਕ ਵਜੇ ਕੇਬਲ ਨੂੰ ਅੱਗ ਲੱਗ ਗਈ। ਇਸ ਦੇ ਨਾਲ ਲੱਗਦੀ ਇੰਟਰਨੈੱਟ ਦੀ ਤਾਰ ਵੀ ਸੜ ਗਈ। ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੇ ਪਾਵਰਕਾਮ ਨੂੰ ਸੂਚਿਤ ਕੀਤਾ। ਤਕਨੀਕੀ ਸਟਾਫ਼ ਦੇ ਹੜਤਾਲ ਤੇ ਹੋਣ ਕਾਰਨ ਕੇਬਲ ਬਦਲਣ ’ਚ ਕਰੀਬ 18 ਘੰਟੇ ਲੱਗ ਗਏ ਤੇ ਇਸ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਹੋਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੇਬਲ ਸੜਨ ਦੀ ਸੂਚਨਾ ਮਿਲਣ ਤੋਂ ਬਾਅਦ ਬਿਜਲੀ ਬੰਦ ਰੱਖੀ ਗਈ ਸੀ। ਬਿਜਲੀ ਬੰਦ ਹੋਣ ਕਾਰਨ ਸਵੇਰ ਦੀ ਰੋਜ਼ਮਰ੍ਹਾ ਪ੍ਰਭਾਵਿਤ ਰਹੀ ਤੇ ਪਾਣੀ ਦੀ ਸਪਲਾਈ ਵੀ ਨਹੀਂ ਹੋ ਸਕੀ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਬਲ ਸੜਨ ਕਾਰਨ ਸਮੱਸਿਆ ਆਈ ਸੀ। ਕੇਬਲ ਬਦਲ ਦਿੱਤੀ ਗਈ ਹੈ ਤੇ ਰਾਤ ਸੱਤ ਵਜੇ ਤੱਕ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਸਟਾਫ਼ ਹੜਤਾਲ ਤੇ ਹੋਣ ਕਾਰਨ ਕੰਮ ਕਰਵਾਉਣ ’ਚ ਦੇਰੀ ਹੋ ਰਹੀ ਹੈ। --- ਸੀਐੱਚਬੀ ਮੁਲਾਜ਼ਮ ਵੀ ਹੜਤਾਲ ਤੇ ਗਏ ਤਕਨੀਕੀ ਸਟਾਫ਼ ਦੇ ਹੜਤਾਲ ਤੇ ਜਾਣ ਤੋਂ ਬਾਅਦ ਹੁਣ ਸੀਐੱਚਬੀ ਕਰਮਚਾਰੀ ਵੀ ਸ਼ਨਿਚਰਵਾਰ ਦੁਪਹਿਰ 12 ਵਜੇ ਹੜਤਾਲ ਤੇ ਚਲੇ ਗਏ ਹਨ। ਇਸ ਨਾਲ ਹੁਣ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਤਕਨੀਕੀ ਤੇ ਕਲੈਰੀਕਲ ਸਟਾਫ਼ ਦੇ ਹੜਤਾਲ ਤੇ ਹੋਣ ਤੋਂ ਬਾਅਦ ਜੇ ਫੀਡਰ ’ਚ ਫਾਲਟ ਪੈਂਦਾ ਹੈ ਤਾਂ ਉਸ ਨੂੰ ਠੀਕ ਕਰਨ ਲਈ ਕਰਮਚਾਰੀਆਂ ਦੀ ਕਮੀ ਹੋਵੇਗੀ। ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਇੱਥੇ ਕਰੀਬ 520 ਕਰਮਚਾਰੀ ਹਨ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ’ਚ ਬਿਜਲੀ ਦੇ ਫਾਲਟ ਠੀਕ ਕਰਨਾ ਹੁਣ ਇਕ ਵੱਡੀ ਚੁਣੌਤੀ ਬਣ ਗਿਆ ਹੈ। ਤਕਨੀਕੀ ਸਟਾਫ਼ ਦੇ ਹੜਤਾਲ ਤੇ ਜਾਣ ਤੋਂ ਬਾਅਦ ਸੀਐੱਚਬੀ ਕਰਮਚਾਰੀ ਫਾਲਟ ਠੀਕ ਕਰਨ ਦੇ ਕੰਮ ’ਚ ਲੱਗੇ ਹੋਏ ਸਨ। ਹੁਣ ਸੀਐੱਚਬੀ ਕਰਮਚਾਰੀਆਂ ਦੇ ਵੀ ਹੜਤਾਲ ਤੇ ਜਾਣ ਨਾਲ ਫਾਲਟ ਕੌਣ ਠੀਕ ਕਰੇਗਾ, ਇਹ ਪਾਵਰਕਾਮ ਦੇ ਸਾਹਮਣੇ ਵੱਡੀ ਚੁਣੌਤੀ ਬਣ ਗਈ ਹੈ। ------------------------- ਮੀਂਹ ਕਾਰਨ ਵੱਖ-ਵੱਖ ਇਲਾਕਿਆਂ ’ਚ ਬਿਜਲੀ ਰਹੀ ਬੰਦ ਸ਼ਨਿਚਰਵਾਰ ਨੂੰ ਮੀਂਹ ਪੈਣ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹੀ। ਕਈ ਇਲਾਕਿਆਂ ’ਚ ਅੱਧੇ-ਅੱਧੇ ਘੰਟੇ ਬਾਅਦ ਬਿਜਲੀ ਆਉਂਦੀ-ਜਾਂਦੀ ਰਹੀ। ਬਿਜਲੀ ਦੀ ਇਸ ਅੱਖ-ਮਿਚੌਲੀ ਕਾਰਨ ਕੁਝ ਇਲਾਕਿਆਂ ’ਚ ਕਰੀਬ ਦੋ ਘੰਟੇ ਤੱਕ ਬਿਜਲੀ ਬੰਦ ਰਹੀ। ਫਾਲਟ ਠੀਕ ਕਰਨ ’ਚ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗਾ। ਮਾਡਲ ਹਾਊਸ, ਸੋਢਲ ਰੋਡ, ਕੋਟ ਕਿਸ਼ਨ ਚੰਦ, ਰੈਣਕ ਬਾਜ਼ਾਰ, ਪਿੰਡ ਮਿੱਠਾਪੁਰ, ਮਾਈ ਹੀਰਾ ਗੇਟ, ਸ਼ਿਵ ਵਿਹਾਰ, ਸ਼ਿਵ ਨਗਰ, ਗੁਰੂ ਨਾਨਕਪੁਰਾ ਵੈਸਟ, ਬਸਤੀ ਗੁਜ਼ਾਂ ਤੇ ਬਸਤੀ ਸ਼ੇਖ ਸਮੇਤ ਕਈ ਇਲਾਕਿਆਂ ’ਚ ਸਵੇਰੇ 11 ਵਜੇ ਤੋਂ ਬਿਜਲੀ ਦੀ ਅੱਖ-ਮਿਚੌਲੀ ਜਾਰੀ ਰਹੀ। ਇਸ ਕਾਰਨ ਕਈ ਥਾਵਾਂ ਤੇ ਕਰੀਬ ਦੋ ਘੰਟੇ ਬਿਜਲੀ ਬੰਦ ਰਹੀ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਤਕਨੀਕੀ ਸਟਾਫ ਤੋਂ ਬਾਅਦ ਸੀਐੱਚਬੀ ਕਰਮਚਾਰੀ ਵੀ ਹੜਤਾਲ ਤੇ ਚਲੇ ਗਏ ਹਨ। ਹੁਣ ਫਾਲਟ ਠੀਕ ਕਰਨ ’ਚ ਮੁਸ਼ਕਲ ਆ ਸਕਦੀ ਹੈ। ਸਬ-ਸਟੇਸ਼ਨਾਂ ਦੀ ਦੇਖਭਾਲ ਲਈ ਐਕਸੀਅਨ ਤੇ ਐੱਸਡੀਓ ਪੱਧਰ ਤੱਕ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਫਾਲਟ ਤੇ ਬਿਜਲੀ ਨਾਲ ਸਬੰਧਤ ਕੰਮ ਪੂਰੇ ਕਰਨਾ ਚੁਣੌਤੀ ਬਣ ਗਿਆ ਹੈ। ਇਸ ਕਾਰਨ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ------------------------ ਕਿਸ਼ਨਪੁਰਾ ਵਾਸੀ ਨਰਿੰਦਰ ਕੁਮਾਰ, ਜਤਿੰਦਰ ਕੁਮਾਰ ਤੇ ਮਨਦੀਪ ਕੁਮਾਰ ਨੇ ਦੱਸਿਆ ਕਿ ਰਾਤ ਇਕ ਵਜੇ ਬਿਜਲੀ ਬੰਦ ਹੋਣ ਤੋਂ ਬਾਅਦ ਸਵੇਰ ਤੱਕ ਨਹੀਂ ਆਈ। ਪਤਾ ਲੱਗਾ ਕਿ ਕੇਬਲ ਨੂੰ ਅੱਗ ਲੱਗ ਗਈ ਹੈ। ਲੋਕਾਂ ਨੇ ਪਾਵਰਕਾਮ ਨੂੰ ਸੂਚਿਤ ਕੀਤਾ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੀ ਮੌਕੇ ਤੇ ਪੁੱਜੀ ਸੀ। ਕੇਬਲ ਸੜਨ ਤੋਂ ਬਾਅਦ ਇਲਾਕੇ ਦੀਆਂ ਪੰਜ ਗਲੀਆਂ ਦੀ ਬਿਜਲੀ ਬੰਦ ਰਹੀ। ਸਵੇਰੇ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਰੋਜ਼ਮਰ੍ਹਾ ਵੀ ਪ੍ਰਭਾਵਿਤ ਰਹੀ। ਉਨ੍ਹਾਂ ਕਿਹਾ ਕਿ ਉਕਤ ਇਲਾਕੇ ’ਚ ਆਏ ਦਿਨ ਬਿਜਲੀ ਦੇ ਫਾਲਟ ਪੈਂਦੇ ਰਹਿੰਦੇ ਹਨ ਤੇ ਲੋਕਾਂ ਨੂੰ ਘੰਟਿਆਂ ਤੱਕ ਬਿਨਾਂ ਬਿਜਲੀ ਦੇ ਰਹਿਣਾ ਪੈਂਦਾ ਹੈ।