- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੀ ਰਾਤ ਨੂੰ ਦੁਕਾਨ ਚ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ

-ਜੌਹਲ ਹਸਪਤਾਲ ਨੇੜੇ ਇਕ ਦੁਕਾਨ ’ਤੇ ਲੱਗੀ ਭਿਆਨਕ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਰਾਮਾ ਮੰਡੀ ਇਲਾਕੇ ’ਚ ਅੱਧੀ ਰਾਤ ਤੋਂ ਬਾਅਦ ਇਕ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਪਲਾਂ ’ਚ ਦੁਕਾਨ ਦੇ ਅੰਦਰਲਾ ਸਾਮਾਨ, ਫਰਨੀਚਰ ਤੇ ਹੋਰ ਉਪਕਰਨ ਸੜ ਕੇ ਸੁਆਹ ਹੋ ਗਏ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ। ਦੁਕਾਨ ਮਾਲਕ ਨੂੰ ਭਾਰੀ ਵਿੱਤੀ ਨੁਕਸਾਨ ਹੋਣ ਦਾ ਅਨੁਮਾਨ ਹੈ, ਜੋ 40 ਤੋਂ 50 ਲੱਖ ਰੁਪਏ ਵਿਚਾਲੇ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਜੋਹਲ ਹਸਪਤਾਲ ਨੇੜੇ ਸਥਿਤ ਸਲਾਦ ਦੀ ਦੁਕਾਨ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਧੂੰਆਂ ਤੇ ਅੱਗ ਦੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਤੇਜ਼ੀ ਨਾਲ ਫੈਲ ਗਈ ਤੇ ਪੂਰੀ ਦੁਕਾਨ ਨੂੰ ਲਪੇਟ ’ਚ ਲੈ ਲਿਆ।
ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪੁੱਜੀਆਂ। ਅੱਗ ਦੀ ਭਿਆਨਕਤਾ ਕਾਰਨ ਫਾਇਰ ਕਰਮਚਾਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਹਾਲਾਂਕਿ ਉਦੋਂ ਤੱਕ ਦੁਕਾਨ ਦੇ ਅੰਦਰਲਾ ਜ਼ਿਆਦਾਤਰ ਸਾਮਾਨ ਸੜ ਚੁੱਕਾ ਸੀ। ਤੇਜ਼ ਗਰਮੀ ਕਾਰਨ ਏਅਰ ਕੰਡੀਸ਼ਨਰ, ਬਾਹਰ ਲੱਗੇ ਬੋਰਡ ਤੇ ਛੱਤ ਦਾ ਕੁਝ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਨੇੜਲੀਆਂ ਦੁਕਾਨਾਂ ਨੂੰ ਬਚਾਉਣ ਲਈ ਬਿਜਲੀ ਉਪਕਰਨ ਬੰਦ ਕਰਵਾਏ ਗਏ। ਅੱਗ ਦੇ ਫੈਲਣ ਦੇ ਖਤਰਿਆਂ ਨੂੰ ਦੇਖਦਿਆਂ ਫਾਇਰ ਕਰਮਚਾਰੀਆਂ ਨੇ ਆਸ-ਪਾਸ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਸੁਚੇਤ ਕੀਤਾ ਤੇ ਇਹ ਯਕੀਨੀ ਬਣਾਇਆ ਕਿ ਬਿਜਲੀ ਦੇ ਉਪਕਰਨ ਤੇ ਮਿਨੀਏਚਰ ਸਰਕਟ ਬ੍ਰੇਕਰ ਬੰਦ ਕਰ ਦਿੱਤੇ ਜਾਣ। ਫਾਇਰ ਕਰਮਚਾਰੀਆਂ ਨੇ ਦੁਕਾਨ ਦੇ ਅੰਦਰੋਂ ਇਕ ਗੈਸ ਸਿਲੰਡਰ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ।