- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ ’ਚ ਅੱਗ 20 ਗਰਭਵਤੀ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ

-ਏਸੀ ’ਚ ਸ਼ਾਰਟ ਸਰਕਟ ਹੋਣ ਨਾਲ ਲੱਗੀ ਅੱਗ
-20 ਗਰਭਵਤੀ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਸਵੇਰੇ 6:00 ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ ’ਚ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਘਟਨਾ ਸਮੇਂ ਵਾਰਡ ’ਚ ਲਗਭਗ 20 ਗਰਭਵਤੀ ਔਰਤਾਂ ਦਾਖਲ ਸੀ। ਜਿਵੇਂ ਹੀ ਅੱਗ ਲੱਗੀ, ਪੂਰੇ ਵਾਰਡ ’ਚ ਸੰਘਣਾ ਧੂੰਆਂ ਭਰ ਗਿਆ ਜਿਸ ਕਾਰਨ ਮਰੀਜ਼ਾਂ ਨੂੰ ਸਾਹ ਲੈਣ ’ਚ ਮੁਸ਼ਕਲ ਆਈ। ਮੌਕੇ 'ਤੇ ਮੌਜੂਦ ਜੂਨੀਅਰ ਡਾਕਟਰਾਂ ਨੇ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਕਾਰਵਾਈ ਕੀਤੀ ਤੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਇਕ ਟੀਮ ਪਹੁੰਚੀ ਤੇ ਸਾਰੀਆਂ ਗਰਭਵਤੀ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਪਹੁੰਚੀ ਅੱਗ 'ਤੇ ਕਾਬੂ ਪਾਇਆ। ਅੱਗ ਏਅਰ ਕੰਡੀਸ਼ਨਰ (ਏਸੀ) ’ਚ ਤਕਨੀਕੀ ਨੁਕਸ ਕਾਰਨ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਏਸੀ ਭਾਰੀ ਲੋਡ ਕਾਰਨ ਜ਼ਿਆਦਾ ਗਰਮ ਹੋ ਗਿਆ। ਅੱਗ ਤੇਜ਼ੀ ਨਾਲ ਨੇੜਲੀਆਂ ਚੀਜ਼ਾਂ ’ਚ ਫੈਲ ਗਈ। ਅੱਗ ਨੇ ਨਾਲ ਲੱਗਦਿਆਂ ਇਕ ਕਮਰੇ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਨਾਲ ਬਿਜਲੀ ਦੀਆਂ ਤਾਰਾਂ ਤੇ ਹੋਰ ਉਪਕਰਣਾਂ ਨੂੰ ਨੁਕਸਾਨ ਪਹੁੰਚਿਆ। ਅੱਗ ਨਾਲ ਵਾਰਡ ਦੇ ਅੰਦਰ ਬਿਸਤਰੇ, ਗੱਦੇ ਤੇ ਇਲੈਕਟ੍ਰਾਨਿਕ ਉਪਕਰਨ ਸੜ ਗਏ। ਇਸ ਘਟਨਾ ਕਾਰਨ ਮਰੀਜ਼ਾਂ ਦੇ ਪਰਿਵਾਰਾਂ ’ਚ ਘਬਰਾਹਟ ਫੈਲ ਗਈ। ਹਾਲਾਂਕਿ, ਸਾਰਿਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਿਆ ਕੌਸ਼ਲ ਨੇ ਦੱਸਿਆ ਕਿ ਵਾਰਡ ’ਚ ਮੌਜੂਦ ਮੈਡੀਕਲ ਸਟਾਫ ਦੀ ਚੌਕਸੀ ਨੇ ਇਕ ਵੱਡੀ ਘਟਨਾ ਨੂੰ ਟਾਲ ਦਿੱਤਾ। ਉਨ੍ਹਾਂ ਪੁਸ਼ਟੀ ਕੀਤੀ ਕਿ ਸਾਰੀਆਂ ਗਰਭਵਤੀ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਜਿਸ ਕਮਰੇ ’ਚ ਅੱਗ ਲੱਗੀ ਉੱਥੇ ਛੇ ਔਰਤਾਂ ਮੌਜੂਦ ਸਨ, ਜਦੋਂ ਕਿ ਕੁੱਲ 20 ਮਰੀਜ਼ਾਂ ਨੂੰ ਵਾਰਡ ’ਚ ਦਾਖਲ ਕਰਵਾਇਆ ਗਿਆ ਸੀ। ਚਿਤਾਵਨੀ ਮਿਲਣ 'ਤੇ, ਸੀਨੀਅਰ ਮੈਡੀਕਲ ਟੀਮ ਮਿੰਟਾਂ ਦੇ ਅੰਦਰ ਹੀ ਮੌਕੇ 'ਤੇ ਪਹੁੰਚ ਗਈ ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।