ਜਾਸ, ਜਲੰਧਰ : ਸ਼ਹਿਰਾਂ

ਜਾਸ, ਜਲੰਧਰ : ਸ਼ਹਿਰਾਂ ’ਚ ਲਗਾਤਾਰ ਗ਼ੈਰ-ਕਾਨੂੰਨੀ ਢੰਗ ਨਾਲ ਦਰੱਖਤਾਂ ਵੱਢੇ ਜਾਣ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਨਗਰ ਨਿਗਮ ਨੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਤਜਵੀਜ਼ ਰੱਖੀ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਇਸ ਲਈ ਟ੍ਰੀ ਪ੍ਰਿਜਰਵੇਸ਼ਨ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਆਪਣੇ ਸੁਝਾਅ ਦਿੱਤੇ ਹਨ ਤੇ ਇਨ੍ਹਾਂ ਸੁਝਾਵਾਂ ਨੂੰ ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਪਾਸ ਕਰਨ ਲਈ ਤਜਵੀਜ਼ ਪਾਸ ਕੀਤੀ ਜਾਵੇਗੀ। ਤਜਵੀਜ਼ ਅਨੁਸਾਰ ਦਰੱਖਤ ਵੱਢਣ ਵਾਲਿਆਂ ਖ਼ਿਲਾਫ਼ ਜੁਰਮਾਨਾ, ਪੁਲਿਸ ਕੇਸ ਤੇ ਦਰੱਖਤ ਲਾਉਣ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਨਗਰ ਨਿਗਮ ’ਚ ਇਹ ਆਪੇ-ਆਪਣੇ ’ਚ ਪਹਿਲੀ ਕਿਸਮ ਦੀ ਤਜਵੀਜ਼ ਹੈ। ਸ਼ਹਿਰਾਂ ’ਚ ਦਰੱਖਤਾਂ ਦੀ ਕੱਟਾਈ ’ਤੇ ਨਗਰ ਨਿਗਮ ਦਾ ਜੁਰਮਾਨਾ ਤੇ ਕਮਿਊਨਿਟੀ ਸੇਵਾ ਦੀ ਸਜ਼ਾ ਦਾ ਪਹਿਲਾਂ ਕਦੇ ਵੀ ਪ੍ਰਬੰਧ ਨਹੀਂ ਸਨ। ਅਜਿਹੇ ਪ੍ਰਬੰਧਾਂ ਦੀ ਲੋੜ ਇਸ ਲਈ ਪਈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ’ਚ ਇਮਾਰਤਾਂ ਬਣਾਉਣ ਸਮੇਤ ਹੋਰ ਕੰਮਾਂ ਲਈ ਦਰੱਖਤ ਵੱਢਣ ਦੇ ਕਈ ਮਾਮਲੇ ਸਾਹਮਣੇ ਆਏ। ਨਗਰ ਨਿਗਮ ਨੂੰ ਕਈ ਸ਼ਿਕਾਇਤਾਂ ਮਿਲੀਆਂ ਪਰ ਨਗਰ ਨਿਗਮ ਆਪਣੇ ਪੱਧਰ 'ਤੇ ਇਸ ਸਬੰਧੀ ਕੁਝ ਨਹੀਂ ਕਰ ਸਕਿਆ। ਮੇਅਰ ਵਨੀਤ ਧੀਰ ਤੇ ਸੰਦੀਪ ਰਿਸ਼ੀ ਨੇ ਇਸ ਲਈ ਕਮੇਟੀ ਦਾ ਗਠਨ ਕੀਤਾ ਤੇ ਜੁਰਮਾਨਾ, ਪੁਲਿਸ ਕਾਰਵਾਈ ਤੇ ਨਵੇਂ ਦਰੱਖਤ ਲਾਉਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਤਜਵੀਜ਼ ਰੱਖੀ ਹੈ।
---
ਜੜ੍ਹੋਂ ਦਰੱਖਤ ਵੱਢਣਾ
ਇਸ ਤਰ੍ਹਾਂ ਦੇ ਮਾਮਲੇ ਨੂੰ ਬਹੁਤ ਗੰਭੀਰ ਸ਼੍ਰੇਣੀ ’ਚ ਰੱਖਿਆ ਗਿਆ ਹੈ ਤੇ ਇਸ ਨੂੰ ਵੱਡਾ ਅਪਰਾਧ ਮੰਨਿਆ ਜਾਵੇਗਾ। ਜੇ ਦਰੱਖਤ ਵੱਢਣ ਵਾਲਾ ਵਿਅਕਤੀ ਆਪਣੀ ਗਲਤੀ ਮੰਨ ਲੈਂਦਾ ਹੈ ਤਾਂ ਉਸ ਨੂੰ ਪ੍ਰਤੀ ਦਰੱਖਤ 50,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਜੇ ਗਲਤੀ ਨਹੀਂ ਮੰਨਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪੁਲਿਸ ਕੇਸ ਦਰਜ ਹੋਵੇਗਾ। ਇਸ ਤਰ੍ਹਾਂ ਦੇ ਮਾਮਲੇ ’ਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦਰੱਖਤ ਕੱਟਣ ਵਾਲੇ ਨੂੰ 10 ਨਵੇਂ ਦਰਖਤ ਲਾਉਣੇ ਪੈਣਗੇ ਤੇ ਉਨ੍ਹਾਂ ਦੀ ਪੂਰੀ ਦੇਖਭਾਲ ਕਰਨੀ ਪਵੇਗੀ।
--
ਉਪਰੋਂ ਦਰੱਖਤ ਵੱਢਣਾ
ਜੇ ਕੋਈ ਵਿਅਕਤੀ ਦਰੱਖਤ ਨੂੰ ਉਪਰੋਂ ਵੱਢਦਾ ਹੈ ਤਾਂ ਉਸ ਨੂੰ 25,000 ਰੁਪਏ ਪ੍ਰਤੀ ਦਰੱਖਤ ਦਾ ਜੁਰਮਾਨਾ ਦੇਣਾ ਪਵੇਗਾ। ਜੇ ਵਿਅਕਤੀ ਆਪਣੀ ਗਲਤੀ ਨਹੀਂ ਮੰਨਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਪੁਲਿਸ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਦਰੱਖਤ ਕੱਟਣ ਵਾਲੇ ਨੂੰ ਪੰਜ ਨਵੇਂ ਦਰੱਖਤ ਲਾਉਣੇ ਪੈਣਗੇ ਤੇ ਉਨ੍ਹਾਂ ਦੀ ਦੇਖਭਾਲ ਕਰਨੀ ਹੋਵੇਗੀ।
---
ਦਰੱਖਤ ਛਾਂਗਣਾ
ਜੇ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਦਰੱਖਤ ਛਾਂਗਦਾ ਹੈ ਤਾਂ ਉਸ ਨੂੰ ਪ੍ਰਤੀ ਦਰਖਤ 10,000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਗਲਤੀ ਨਾ ਮੰਨਣ 'ਤੇ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਅਜਿਹੇ ਵਿਅਕਤੀ ਨੂੰ ਵੀ ਪੰਜ ਨਵੇਂ ਦਰੱਖਤ ਲਾਉਣੇ ਪੈਣਗੇ ਤੇ ਉਨ੍ਹਾਂ ਦੀ ਦੇਖਭਾਲ ਕਰਨੀ ਹੋਵੇਗੀ।