- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪੱਧਰ ’ਤੇ ਮਾਂ-ਖੇਡ ਕਬੱਡੀ ਨੂੰ ਅਨੁਸ਼ਾਸਿਤ, ਪਾਰਦਰਸ਼ੀ ਤੇ ਪੇਸ਼ੇਵਰ ਬਣਾਉਣਾ ਹੈ ਫਿਕਫਾ ਦਾ ਅਹਿਮ ਉਪਰਾਲਾ-ਮਾਣਕ

-ਨਸ਼ਾ ਮੁਕਤ, ਅਨੁਸ਼ਾਸਿਤ ਤੇ ਸੁਰੱਖਿਅਤ ਕਬੱਡੀ ਨੂੰ ਉਤਸ਼ਾਹਿਤ ਕਰਨਾ ਮੁੱਖ ਟੀਚਾ-ਰੰਧਾਵਾ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਹੋਰ ਪ੍ਰਫੁੱਲਤ ਕਰਨ ਅਤੇ ਇਸ ਖੇਡ ਨੂੰ ਨਵੀਂ ਪਛਾਣ ਦਿਵਾਉਣ ਦੇ ਉਦੇਸ਼ ਨਾਲ ਅਤੇ ਅਨੁਸ਼ਾਸਿਤ, ਪਾਰਦਰਸ਼ੀ ਤੇ ਪੇਸ਼ੇਵਰ ਬਣਾਉਣ ਦੇ ਵੱਡੇ ਟੀਚੇ ਨਾਲ ਦਸੰਬਰ 2025 ਵਿੱਚ ਲੰਡਨ (ਇੰਗਲੈਂਡ) ਦੀ ਧਰਤੀ 'ਤੇ 'ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨਜ਼' (ਫ਼ਿਕਫਾ) ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਵਿੱਚ ਸ਼ੁਰੂਆਤੀ ਪੜਾਅ 'ਤੇ ਦੁਨੀਆ ਭਰ ਦੀਆਂ 18 ਨਾਮਵਰ ਮੈਂਬਰ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ 5 ਸਾਲਾਂ ਦੇ ਪੜਾਅਵਾਰ ਟੀਚੇ ਤਹਿਤ ਕੰਮ ਕਰਨਗੀਆਂ।
‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਵੱਲੋਂ ਖੇਡ ਦੇ ਵਿਕਾਸ, ਖਿਡਾਰੀਆਂ ਦੀ ਸੁਰੱਖਿਆ ਅਤੇ ਖੇਡ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਇਗਲੈੰਡ ਤੋਂ ਆਏ ਸੁਰਿੰਦਰ ਸਿੰਘ ਮਾਣਕ ਨੇ ਦੱਸਿਆ ਕਿ ਸੰਸਥਾ ਵੱਲੋਂ ਨਿਰਪੱਖ ਅਤੇ ਅਨੁਸ਼ਾਸਿਤ ਖੇਡ ਪ੍ਰਬੰਧਾਂ, ਨਵੇਂ ਤੇ ਦਿਲਚਸਪ ਨਿਯਮਾਂ, ਪਾਰਦਰਸ਼ੀ ਇਨਾਮੀ ਪ੍ਰਬੰਧ ਅਤੇ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਮੁੱਦਿਆਂ ਨੂੰ ਆਪਣੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਸਬੰਧੀ ਵੈੱਬਸਾਈਟ ਬਣਾਈ ਗਈ ਹੈ, ਜਿਸ ਦੀ ਰਜਿਸਟਰੇਸ਼ਨ ਚਾਲੂ ਹੈ। ਫ਼ਿਕਫਾ ਦੀ ਅਗਲੀ ਮੀਟਿੰਗ ਫਗਵਾੜਾ ਵਿਖੇ 27 ਫਰਵਰੀ ਨੂੰ ਹੋਵੇਗੀ। ਮੱਖਣ ਸਿੰਘ ਚੜਿੱਕ ਨੇ ਦੱਸਿਆ ਕਿ ਕਬੱਡੀ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਪੰਜਾਬ ਦੀ ਅਮੀਰ ਵਿਰਾਸਤ, ਜਜ਼ਬੇ, ਹਿੰਮਤ ਅਤੇ ਸਰੀਰਕ ਤੰਦਰੁਸਤੀ ਦਾ ਪ੍ਰਤੀਕ ਹੈ। ਇਸ ਲਈ ਖੇਡ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
ਸਰਦੂਲ ਸਿੰਘ ਰੰਧਾਵਾ ਨੇ ਦੱਸਿਆ ਕਿ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਦਾ ਪੇਸ਼ ਕੀਤਾ ਮਿਸ਼ਨ ਕਬੱਡੀ ਨੂੰ ਨਵੀਂ ਦਿਸ਼ਾ ਦੇਣ, ਖੇਡ ਵਿੱਚ ਸੁਧਾਰ ਲਿਆਉਣ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਮਜ਼ਬੂਤੀ ਨਾਲ ਸਥਾਪਿਤ ਕਰਨ ਦੇ ਉਦੇਸ਼ ਨੂੰ ਦਰਸਾਉਂਦਾ ਹੈ। ਸਰਦੂਲ ਸਿੰਘ ਕਬੱਡੀ ਕੋਚ ਨੇ ਦੱਸਿਆ ਕਿ ਨਸ਼ਾ ਮੁਕਤ ਕਬੱਡੀ ਦਾ ਸੰਦੇਸ਼,ਨਿਰਪੱਖ ਅਤੇ ਅਨੁਸ਼ਾਸਿਤ ਖੇਡ ਪ੍ਰਬੰਧ,ਖਿਡਾਰੀਆਂ ਦੀ ਸੁਰੱਖਿਆ,ਨਵੇਂ ਅਤੇ ਦਿਲਚਸਪ ਨਿਯਮ,ਇਨਾਮੀ ਪ੍ਰਬੰਧ ਵਿੱਚ ਪਾਰਦਰਸ਼ਤਾ,ਕਬੱਡੀ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨਾ ਇਸ ਸੰਸਥਾ ਦਾ ਮੁੱਖ ਨਿਸ਼ਾਨਾ ਹੈ। ਇਸ ਮੌਕੇ ’ਤੇ ਪਰਮਜੀਤ ਸਿੰਘ ਪੰਮੀ, ਹਾਕਮ ਸਿੰਘ ਟੋਨਾ ਤੇ ਜਸਵੰਤ ਸਿੰਘ ਵਿਰਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।