ਹੁਣ ਹੋਮਿਓਪੈਥਿਕ ਕਲੀਨਿਕ ’ਤੇ ਵਰ੍ਹਾਈਆਂ ਗੋਲ਼ੀਆਂ
12 ਦਿਨਾਂ ’ਚ ਸ਼ਹਿਰ ’ਚ ਫਾਇਰਿੰਗ ਦੀ ਪੰਜਵੀਂ ਵਾਰਦਾਤ, ਹੁਣ ਹੋਮਿਓਪੈਥਿਕ ਕਲੀਨਿਕ ਨੂੰ ਬਣਾਇਆ ਨਿਸ਼ਾਨਾ
Publish Date: Mon, 22 Jun 2026 07:31 PM (IST)
Updated Date: Mon, 22 Jun 2026 07:33 PM (IST)

-ਦੇਰ ਰਾਤ ਦੀ ਘਟਨਾ, ਪੁਲਿਸ ਸੀਸੀਟੀਵੀ ਫੁਟੇਜ ਖੰਘਾਲਣ ’ਚ ਜੁਟੀ ਤਰੁਣਦੀਪ ਮਹਿਰਾ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਫਾਇਰਿੰਗ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਿਛਲੇ 12 ਦਿਨਾਂ ’ਚ ਸ਼ਰੇਆਮ ਗੋਲੀਆਂ ਚਲਾਉਣ ਦੀ ਇਹ ਪੰਜਵੀਂ ਵਾਰਦਾਤ ਹੈ। ਕਈ ਮਾਮਲਿਆਂ ’ਚ ਪੁਲਿਸ ਹਾਲੇ ਤੱਕ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ। ਸੋਮਵਾਰ ਨੂੰ ਵੇਰਕਾ ਮਿਲਕ ਪਲਾਂਟ, ਸਲੇਮਪੁਰ ਰੋਡ ਨੇੜੇ ਸਥਿਤ ਆਰੀਅਨ ਹੋਮਿਓਪੈਥਿਕ ਕਲੀਨਿਕ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਨਕਾਬਪੋਸ਼ ਬਦਮਾਸ਼ਾਂ ਨੇ ਬੀਤੀ ਦੇਰ ਰਾਤ ਕਲੀਨਿਕ ਨੂੰ ਨਿਸ਼ਾਨਾ ਬਣਾਇਆ। ਕਲੀਨਿਕ ਦੇ ਸ਼ਟਰ ਤੇ ਗੋਲੀ ਦੇ ਨਿਸ਼ਾਨ ਮਿਲੇ ਹਨ ਤੇ ਅੰਦਰ ਲੱਗਿਆ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਮਾਮਲਾ ਰੰਗਦਾਰੀ ਨਾਲ ਜੁੜਿਆ ਹੋਇਆ ਨਹੀਂ ਲੱਗਦਾ। ਕਲੀਨਿਕ ਦੇ ਸੰਚਾਲਕ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਕੋਈ ਧਮਕੀ ਨਹੀਂ ਮਿਲੀ। ਇਸ ਤੋਂ ਪਹਿਲਾਂ 12 ਜੂਨ ਨੂੰ ਬੀਐੱਮਐੱਸ ਫੈਸ਼ਨ ਸ਼ੋਅਰੂਮ ਦੇ ਬਾਹਰ, ਫਿਰ ਕਿਸ਼ਨਪੁਰਾ ਚੌਕ ਤੇ ਇਕ ਦਿਨ ਪਹਿਲਾਂ ਚਾਵਲਾ ਮੋਬਾਈਲ ਸ਼ੋਅਰੂਮ ਦੇ ਬਾਹਰ ਵੀ ਫਾਇਰਿੰਗ ਹੋ ਚੁੱਕੀ ਹੈ। ਵੇਰਕਾ ਮਿਲਕ ਪਲਾਂਟ ਨੇੜੇ ਸਥਿਤ ਹੋਮਿਓਪੈਥਿਕ ਕਲੀਨਿਕ ਤੇ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਦੇਰ ਰਾਤ ਗੋਲੀ ਚਲਾ ਦਿੱਤੀ ਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਕਾਰਨ ਕਲੀਨਿਕ ਦੇ ਸ਼ਟਰ ਤੇ ਗੋਲੀ ਦੇ ਨਿਸ਼ਾਨ ਪਏ ਹਨ, ਜਦਕਿ ਅੰਦਰ ਲੱਗੇ ਸ਼ੀਸ਼ੇ ਟੁੱਟ ਗਏ। ਖ਼ੁਦਕਿਸਮਤੀ ਇਹ ਰਹੀ ਕਿ ਘਟਨਾ ਵੇਲੇ ਕਲੀਨਿਕ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਆਰੀਅਨ ਹੋਮਿਓਪੈਥਿਕ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ। ਸੋਮਵਾਰ ਸਵੇਰੇ ਆਸ-ਪਾਸ ਦੇ ਦੁਕਾਨਦਾਰਾਂ ਨੇ ਦੁਕਾਨ ਦੇ ਬਾਹਰ ਟੁੱਟਿਆ ਹੋਇਆ ਕੱਚ ਤੇ ਸ਼ਟਰ ਤੇ ਗੋਲੀ ਦੇ ਨਿਸ਼ਾਨ ਵੇਖੇ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਨਜ਼ਦੀਕੀ ਦੁਕਾਨ ਚਲਾਉਣ ਵਾਲੀ ਇਕ ਔਰਤ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੀ ਦੁਕਾਨ ਤੇ ਪੁੱਜੀ ਤਾਂ ਪੁਲਿਸ ਪਹਿਲਾਂ ਹੀ ਮੌਜੂਦ ਸੀ ਤੇ ਕਲੀਨਿਕ ਨੂੰ ਸੀਲ ਕੀਤਾ ਗਿਆ ਹੋਇਆ ਸੀ। ਉੱਥੇ ਹੀ ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਬਾਜ਼ਾਰ ਬੰਦ ਹੋਣ ਕਾਰਨ ਕਿਸੇ ਨੂੰ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਸਵੇਰੇ ਜਦੋਂ ਸ਼ਟਰ ਖੋਲ੍ਹਿਆ ਗਿਆ ਤਾਂ ਅੰਦਰ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ। ਸਚਦੇਵਾ ਪ੍ਰਾਪਰਟੀ ਐਡਵਾਈਜ਼ਰ ’ਚ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਕਲੀਨਿਕ ’ਚ ਡਾ. ਸੰਦੀਪ ਸ਼ਰਮਾ ਤੇ ਉਨ੍ਹਾਂ ਦੇ ਪੁੱਤਰ ਆਰੀਅਨ ਸ਼ਰਮਾ ਬੈਠਦੇ ਹਨ। ਸ਼ਨਿਚਰਵਾਰ ਰਾਤ ਕਰੀਬ ਸਾਢੇ ਅੱਠ ਵਜੇ ਉਹ ਦੁਕਾਨ ਬੰਦ ਕਰਕੇ ਗਏ ਸਨ। ਸੋਮਵਾਰ ਸਵੇਰੇ ਘਟਨਾ ਦਾ ਪਤਾ ਲੱਗਾ। ਕਲੀਨਿਕ ਸੰਚਾਲਕ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਜਦੋਂ ਦੁਕਾਨ ਖੋਲ੍ਹੀ ਤਾਂ ਟੁੱਟਿਆ ਹੋਇਆ ਸ਼ੀਸ਼ਾ ਵੇਖਿਆ। ਜਾਂਚ ਕਰਨ ਤੇ ਅੰਦਰੋਂ ਗੋਲੀ ਦਾ ਇਕ ਹਿੱਸਾ ਵੀ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਕੋਈ ਧਮਕੀ ਭਰੀ ਕਾਲ ਨਹੀਂ ਆਈ ਤੇ ਨਾ ਹੀ ਕਿਸੇ ਵਿਵਾਦ ਬਾਰੇ ਜਾਣਕਾਰੀ ਹੈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਇਰਿੰਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ------------------------------ ਪਹਿਲਾਂ ਹੋਈਆਂ ਵਾਰਦਾਤਾਂ 12 ਜੂਨ : ਕਿਸ਼ਨਪੁਰਾ ਚੌਕ ’ਚ ਬੀਐੱਮਐੱਸ ਫੈਸ਼ਨ ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। 13 ਜੂਨ : ਸੰਤੋਖਪੁਰਾ ’ਚ ਰੰਗਦਾਰੀ ਨਾ ਦੇਣ ਤੇ ਇਕ ਕੱਪੜਾ ਵਪਾਰੀ ਦੀ ਦੁਕਾਨ ਤੇ ਕਰੀਬ ਅੱਠ ਰਾਊਂਡ ਫਾਇਰਿੰਗ ਕੀਤੀ ਗਈ। 15 ਜੂਨ : ਨਿਊ ਦਸ਼ਮੇਸ਼ ਨਗਰ ’ਚ ਦੋ ਧੜਿਆਂ ਵਿਚਾਲੇ ਪੁਰਾਣੀ ਰੰਜਿਸ਼ ਖੂਨੀ ਝੜਪ ’ਚ ਬਦਲ ਗਈ। ਕਈ ਰਾਊਂਡ ਗੋਲੀਆਂ ਚੱਲੀਆਂ, ਜਿਸ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। 20 ਜੂਨ: ਭਾਰਗੋ ਕੈਂਪ ਸਥਿਤ ਚਾਵਲਾ ਮੋਬਾਈਲ ਸ਼ੋਅਰੂਮ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ। ਇਕ ਮੁਲਜ਼ਮ ਨੂੰ ਜ਼ਖ਼ਮੀ ਹਾਲਤ ’ਚ ਕਾਬੂ ਕਰ ਲਿਆ ਗਿਆ, ਜਦਕਿ ਉਸ ਦਾ ਸਾਥੀ ਗੁਰਪ੍ਰੀਤ ਉਰਫ਼ ਗੋਪੀ ਫਰਾਰ ਹੋ ਗਿਆ।