ਮਠਿਆਈ ਨਾਲ ਪੈਕਿੰਗ ਦਾ ਵਜ਼ਨ ਵੀ ਗਾਹਕਾਂ ਦੀ ਜੇਬ ’ਤੇ ਭਾਰੀ ਤਿਉਹਾਰਾਂ ’ਚ ਲੱਡੂ ਦਾ ਸਵਾਦ ਕੌੜਾ!, ਡੱਬੇ ਦਾ ਵਜ਼ਨ ਵੀ ਜੁੜ ਰਿਹੈ ਬਿੱਲ ’ਚ
Publish Date: Tue, 29 Sep 2026 07:53 PM (IST)
Updated Date: Tue, 29 Sep 2026 07:54 PM (IST)
-ਜੇਕਰ ਮਠਿਆਈ 300 ਰੁਪਏ ਕਿੱਲੋ, ਗੱਤੇ ਦਾ ਡੱਬਾ ਵੀ 300 ਰੁਪਏ ਕਿੱਲੋ! ਲਖਬੀਰ, ਪੰਜਾਬੀ ਜਾਗਰਣ, ਜਲੰਧਰ ਤਿਉਹਾਰੀ ਸੀਜ਼ਨ ਸ਼ੁਰੂ ਹੁੰਦੇ ਹੀ ਜਲੰਧਰ ਸ਼ਹਿਰ ’ਚ ਮਠਿਆਈਆਂ ਦੀਆਂ ਦੁਕਾਨਾਂ ’ਤੇ ਖਰੀਦਦਾਰਾਂ ਦੀ ਭੀੜ ਵਧਣ ਲੱਗੀ ਹੈ। ਇਸ ਦੇ ਨਾਲ ਹੀ ਮਠਿਆਈ ਦੀ ਖਰੀਦਦਾਰੀ ਦੌਰਾਨ ਗਾਹਕਾਂ ਦੀ ਜੇਬ ’ਤੇ ਵਾਧੂ ਬੋਝ ਪੈਣ ਨਾਲ ਜੁੜਿਆ ਇਕ ਗੰਭੀਰ ਸਵਾਲ ਵੀ ਸਾਹਮਣੇ ਆ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੁਝ ਮਠਿਆਈ ਵਿਕਰੇਤਾਵਾਂ ਵੱਲੋਂ ਮਠਿਆਈ ਦੇ ਨਾਲ ਗੱਤੇ ਦਾ ਡੱਬਾ ਵੀ ਤੋਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੰਨ ਲਓ ਕਿ ਜੇਕਰ ਮਠਿਆਈ ਦੀ ਕੀਮਤ 300 ਰੁਪਏ ਪ੍ਰਤੀ ਕਿੱਲੋ ਹੈ ਤਾਂ ਗੱਤੇ ਦੇ ਡੱਬੇ ਦੇ ਵਜ਼ਨ ਦੀ ਵੀ 300 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕੀਮਤ ਲੱਗਦੀ ਆ ਰਹੀ ਹੈ। ਮਤਲਬ ਸਾਫ਼ ਹੈ ਗਾਹਕ ਮਠਿਆਈ ਖਰੀਦਣ ਜਾਂਦਾ ਹੈ ਪਰ ਤੋਲ ਸਮੇਂ ਮਠਿਆਈ ਦੇ ਨਾਲ ਡੱਬੇ ਦਾ ਵਜ਼ਨ ਵੀ ਜੋੜ ਦਿੱਤਾ ਜਾਂਦਾ ਹੈ। ਜੇ ਡੱਬਾ ਭਾਰੀ ਹੋਵੇ ਤਾਂ ਉਸ ਦਾ ਵਜ਼ਨ ਵੀ ਮਠਿਆਈ ਦੇ ਹੀ ਭਾਅ ’ਤੇ ਗਾਹਕ ਦੀ ਅਦਾਇਗੀ ’ਚ ਸ਼ਾਮਲ ਹੋ ਸਕਦਾ ਹੈ। ਤਿਉਹਾਰੀ ਦਿਨਾਂ ’ਚ ਜਦੋਂ ਲੋਕ ਇੱਕੋ ਵਾਰ ਕਈ ਡੱਬੇ ਮਠਿਆਈ ਦੇ ਖਰੀਦਦੇ ਹਨ ਤਾਂ ਪੈਕਿੰਗ ਦਾ ਇਹ ਵਾਧੂ ਵਜ਼ਨ ਕੁੱਲ ਬਿੱਲ ’ਤੇ ਵੀ ਅਸਰ ਪਾ ਸਕਦਾ ਹੈ। ------------------------ ਜੇ ਲੱਡੂ 300 ਰੁਪਏ ਕਿੱਲੋ, ਡੱਬਾ ਵੀ ਉਸੇ ਭਾਅ! ਮਾਮਲੇ ਦਾ ਸਭ ਤੋਂ ਅਹਿਮ ਪੱਖ ਇਹ ਹੈ ਕਿ ਮਠਿਆਈ ਦੀ ਕੀਮਤ ਤੇ ਪੈਕਿੰਗ ਦੇ ਵਜ਼ਨ ਨੂੰ ਇੱਕੋ ਤੋਲ ’ਚ ਸ਼ਾਮਲ ਕਰਨ ਨਾਲ ਗਾਹਕ ਨੂੰ ਮਿਲਣ ਵਾਲੀ ਅਸਲ ਮਠਿਆਈ ਦੇ ਵਜ਼ਨ ’ਤੇ ਸਵਾਲ ਖੜ੍ਹਾ ਹੁੰਦਾ ਹੈ। ਜੇ ਇਕ ਕਿਲੋ ਮਠਿਆਈ ਦਾ ਭਾਅ 300 ਰੁਪਏ ਹੈ ਤੇ ਤੋਲ ’ਚ ਡੱਬਾ ਵੀ ਸ਼ਾਮਲ ਹੈ ਤਾਂ ਡੱਬੇ ਦੇ ਹਰ ਵਾਧੂ ਗ੍ਰਾਮ ਦਾ ਭੁਗਤਾਨ ਵੀ ਉਸੇ ਦਰ ਨਾਲ ਹੋਣ ਦਾ ਦੋਸ਼ ਹੈ। ਉਦਾਹਰਨ ਵਜੋਂ ਜੇ ਕਿਸੇ ਡੱਬੇ ਦਾ ਆਪਣਾ ਵਜ਼ਨ 100 ਗ੍ਰਾਮ ਹੈ ਤੇ ਮਠਿਆਈ ਸਮੇਤ ਕੁੱਲ ਵਜ਼ਨ ਤੋਲਿਆ ਜਾਂਦਾ ਹੈ ਤਾਂ ਗਾਹਕ ਤੋਂ ਉਸ 100 ਗ੍ਰਾਮ ਪੈਕਿੰਗ ਲਈ ਵੀ ਮਠਿਆਈ ਵਾਲੀ ਦਰ ਅਨੁਸਾਰ ਰਕਮ ਵਸੂਲ ਹੋ ਸਕਦੀ ਹੈ। ਜੇ ਅਜਿਹੇ ਕਈ ਡੱਬੇ ਖਰੀਦੇ ਜਾਣ ਤਾਂ ਇਹ ਰਕਮ ਹੋਰ ਵਧ ਸਕਦੀ ਹੈ। ------------------------ ਆਰਡਰ ’ਤੇ ਬਣਾਉਂਦੇ ਨੇ ਡੱਬੇ ਸ਼ਿਕਾਇਤਾਂ ਮੁਤਾਬਕ ਕੁਝ ਮਾਮਲਿਆਂ ’ਚ ਸਪੈਸ਼ਲ ਆਰਡਰ ਲਈ ਆਮ ਪੈਕਿੰਗ ਦੀ ਬਜਾਏ ਮੋਟੇ ਤੇ ਭਾਰੀ ਗੱਤੇ ਦੇ ਡੱਬੇ ਵਰਤੇ ਜਾਂਦੇ ਹਨ। ਇਨ੍ਹਾਂ ਡੱਬਿਆਂ ’ਚ ਮਠਿਆਈ ਪਾ ਕੇ ਸਿੱਧਾ ਤੋਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਡੱਬੇ ਦਾ ਉਪਰਲਾ ਗੱਤੇ ਦਾ ਢੱਕਣ ਵੀ ਤੋਲ ’ਚ ਸ਼ਾਮਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਥੇ ਸਵਾਲ ਸਿਰਫ਼ ਡੱਬੇ ਦੇ ਵਜ਼ਨ ਦਾ ਨਹੀਂ, ਸਗੋਂ ਪੈਕਿੰਗ ਨੂੰ ਮਠਿਆਈ ਦੇ ਭਾਅ ’ਤੇ ਤੋਲਣ ਦਾ ਹੈ। ਗਾਹਕ ਨੇ ਮਠਿਆਈ ਦਾ ਨਿਰਧਾਰਤ ਵਜ਼ਨ ਮੰਗਿਆ ਹੈ ਤਾਂ ਤੋਲ ਸਮੇਂ ਪੈਕਿੰਗ ਦਾ ਵਜ਼ਨ ਕਿਵੇਂ ਅਤੇ ਕਿਸ ਤਰੀਕੇ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਇਹ ਸਪੱਸ਼ਟ ਹੋਣਾ ਚਾਹੀਦਾ ਹੈ। ------------------ ਮਾਪ-ਤੋਲ ਵਿਭਾਗ ਦੀ ਜਾਂਚ ’ਤੇ ਨਜ਼ਰ ਮਾਮਲਾ ਕਿਸੇ ਇਕ ਇਲਾਕੇ ਤੱਕ ਸੀਮਤ ਨਹੀਂ, ਸਗੋਂ ਪੂਰੇ ਜਲੰਧਰ ਸ਼ਹਿਰ ’ਚ ਮਠਿਆਈ ਦੀ ਵਿਕਰੀ ਨਾਲ ਜੁੜਿਆ ਹੋਇਆ ਹੈ। ਇਸ ਲਈ ਗਾਹਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਾਪਤੋਲ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਮਠਿਆਈ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਵੇ। ਤਿਉਹਾਰੀ ਸੀਜ਼ਨ ’ਚ ਜਦੋਂ ਮਠਿਆਈਆਂ ਦੀ ਵਿਕਰੀ ਤੇਜ਼ ਹੁੰਦੀ ਹੈ, ਉਸ ਸਮੇਂ ਤੋਲ-ਮਾਪ ਦੀ ਜਾਂਚ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਦੁਕਾਨਾਂ ’ਤੇ ਵਰਤੇ ਜਾ ਰਹੇ ਤੋਲ-ਕੰਡਿਆਂ ਦੇ ਨਾਲ ਪੈਕਿੰਗ ਦਾ ਵਜ਼ਨ ਵੀ ਜਾਂਚ ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਗਾਹਕ ਨੂੰ ਜਿਸ ਵਜ਼ਨ ਦੀ ਮਠਿਆਈ ਵੇਚੀ ਜਾ ਰਹੀ ਹੈ, ਉਹ ਅਸਲ ’ਚ ਉਨਾ ਹੀ ਹੈ ਜਾਂ ਨਹੀਂ। ------------------------- ਸਵਾਲ; ਪੈਸੇ ਮਠਿਆਈ ਦੇ ਜਾਂ ਡੱਬੇ ਦੇ ਵੀ ਤਿਉਹਾਰ ਖੁਸ਼ੀਆਂ ਦੇ ਹੁੰਦੇ ਹਨ ਅਤੇ ਮਠਿਆਈ ਇਸ ਖੁਸ਼ੀ ਦਾ ਅਹਿਮ ਹਿੱਸਾ ਹੈ ਪਰ ਜੇ ਮਠਿਆਈ ਦੇ ਨਾਲ ਉਸ ਦਾ ਗੱਤੇ ਦਾ ਡੱਬਾ ਅਤੇ ਢੱਕਣ ਵੀ ਉਸੇ ਕੀਮਤ ’ਤੇ ਤੋਲਿਆ ਜਾ ਰਿਹਾ ਹੈ ਤਾਂ ਗਾਹਕਾਂ ਦੇ ਮਨ ਵਿੱਚ ਸਵਾਲ ਉੱਠਣਾ ਸੁਭਾਵਿਕ ਹੈ। ਹੁਣ ਨਜ਼ਰ ਨਾਪਤੋਲ ਵਿਭਾਗ ਦੀ ਕਾਰਵਾਈ ’ਤੇ ਹੈ। ਪੂਰੇ ਜਲੰਧਰ ਸ਼ਹਿਰ ਵਿੱਚ ਮਠਿਆਈ ਦੀਆਂ ਦੁਕਾਨਾਂ ’ਤੇ ਪੈਕਿੰਗ ਸਮੇਤ ਤੋਲ ਦੀ ਜਾਂਚ ਹੁੰਦੀ ਹੈ ਜਾਂ ਨਹੀਂ, ਇਹ ਤਿਉਹਾਰੀ ਸੀਜ਼ਨ ਵਿੱਚ ਵਿਭਾਗ ਦੀ ਕਾਰਗੁਜ਼ਾਰੀ ਦੀ ਵੀ ਪਰਖ ਹੋਵੇਗੀ। --------------------------- ਨਹੀਂ ਤੋਲਿਆ ਜਾ ਸਕਦਾ ਮਠਿਆਈ ਨਾਲ ਗੱਤਾ : ਅਸਿਸਟੈਂਟ ਕੰਟਰੋਲਰ ਇਸ ਸਬੰਧੀ ਜਲੰਧਰ ਦੇ ਕਾਨੂੰਨੀ ਮਾਪ-ਤੋਲ ਵਿਭਾਗ ਦੇ ਅਸਿਸਟੈਂਟ ਕੰਟਰੋਲਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਹਲਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਕੀਤੀ ਜਾਂਦੀ ਹੈ ਅਤੇ ਜੇਕਰ ਸਾਡੇ ਕੋਲ ਕੋਈ ਸ਼ਿਕਾਇਤ ਪਹੁੰਚਦੀ ਹੈ ਤਾਂ ਉਸਦਾ 24 ਘੰਟਿਆਂ ਵਿਚ ਨਿਪਟਾਰਾ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਾਗੋ ਗ੍ਰਾਹਕ ਜਾਗੋ ਐਪ ਅਤੇ ਪੰਜਾਬ ਸਰਕਾਰ ਦਾ ਪੀਜੀਆਰਐੱਸ ਪੋਰਟਲ ‘ਤੇ ਵੀ ਘਰ ਬੈਠੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਵੀਟਸ ਸ਼ਾਪ ਵਾਲਾ ਮਠਿਆਈ ਦੇ ਨਾਲ ਡੱਬੇ ਦਾ ਭਾਰ ਨਹੀਂ ਤੋਲ ਸਕਦਾ, ਇਹ ਕਾਨੂੰਨੀ ਜੁਰਮ ਹੈ।