
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪ੍ਰਦੂਸ਼ਿਤ ਚਿੱਟੀ ਬੇਈ ਦੇ ਬਦਬੂ ਮਾਰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ।

ਮੁੱਖ ਮਾਰਗ ’ਤੇ ਬਣੇ ਪੁਲ਼ ਦੀ ਹਾਲਤ ਖਸਤਾ, ਸਰਕਾਰ ਨਹੀਂ ਲੈ ਰਹੀ ਸਾਰ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ :
ਦੁਆਬਾ ਖੇਤਰ ਦੇ ਦੋਨਾਂ ਇਲਾਕੇ ਵਿੱਚੋਂ ਲੰਘਦੀ ਚਿੱਟੀ ਵੇਈਂ ਜੋ ਕਿ ਪ੍ਰਦੂਸ਼ਿਤ ਹੋ ਕੇ ਕਾਲੀ ਵੇਈਂ ਬਣ ਚੁੱਕੀ ਹੈ। ਇਸ ਦੇ ਬਦਬੂ ਮਾਰਦੇ ਪਾਣੀ ਨਾਲ ਇਲਾਕਾ ਵਾਸੀਆਂ ਵਿੱਚ ਬਿਮਾਰੀ ਫੈਲਣ ਦਾ ਖਦਸ਼ਾ ਵੱਧ ਗਿਆ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਹਿਮਾਚਲ ਦੇ ਪਹਾੜਾਂ ਵਿੱਚੋਂ ਨਿਕਲਦੀ ਇਹ ਚਿੱਟੀ ਵੇਈੰ ਦੁਆਬਾ ਖੇਤਰ ਦੇ ਦੋਨਾਂ ਇਲਾਕੇ ਵਿੱਚੋਂ ਲੰਘਦੀ ਹੋਈ ਅੱਗੇ ਜਾ ਕੇ ਸਤਲੁਜ ਦਰਿਆ ਨਾਲ ਜਾ ਮਿਲਦੀ ਹੈ। ਕਾਫੀ ਸਮਾਂ ਪਹਿਲਾਂ ਇਸ ਚਿੱਟੀ ਵੇਈੰ ਵਿੱਚ ਆਮ ਲੋਕ ਨਹਾਉਂਦੇ ਸਨ ਪਰ ਅੱਜ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਇਸ ਦੇ ਨਜ਼ਦੀਕ ਖੜ੍ਹਨਾ ਵੀ ਔਖਾ ਹੋ ਚੁੱਕਾ ਹੈ। ਸ਼ਹਿਰਾਂ ਦੀਆਂ ਫੈਕਟਰੀਆਂ ਦਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਇਸ ’ਚ ਪੈ ਰਿਹਾ ਹੈ। ਇਸ ਦੇ ਕਿਨਾਰੇ ਵਸਦੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਮਤੇ ਪਾ ਕੇ ਇਸ ਦਾ ਸਰੂਪ ਬਦਲਣ ਲਈ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਵੀ ਕਈ ਵਾਰ ਬੇਨਤੀ ਕੀਤੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਸਾਫ ਕਰਨ ਦੇ ਕੋਈ ਵੀ ਯਤਨ ਨਹੀਂ ਕੀਤੇ ਜਾ ਰਹੇ। ਇਸ ਦੇ ਨਾਲ ਹੀ ਇੱਕ ਕੌੜਾ ਸੱਚ ਇਹ ਵੀ ਹੈ ਕਿ ਨਕੋਦਰ ਕਪੂਰਥਲਾ ਮੁੱਖ ਮਾਰਗ ’ਤੇ ਸਥਿਤ ਕਸਬਾ ਮੱਲ੍ਹੀਆਂ ਕਲਾਂ ਦੇ ਨਜ਼ਦੀਕ ਇਸ ਉੱਪਰ ਬਣਿਆ ਪੁਲ ਜੋ ਕਿ ਕਰੀਬ 60 -70 ਸਾਲ ਦੇ ਕਰੀਬ ਪੁਰਾਣਾ ਹੋ ਚੁੱਕਾ ਹੈ ਤੇ ਇਸ ਦੀ ਹਾਲਤ ਖਸਤਾ ਬਣ ਚੁੱਕੀ ਹੈ। ਇਸ ਦੇ ਕਿਨਾਰੇ ਵੀ ਟੁੱਟ ਚੁੱਕੇ ਹਨ ਤੇ ਇਸ ਦੀ ਮਿਆਦ ਵੀ ਕਰੀਬ ਪੂਰੀ ਹੋ ਚੁੱਕੀ ਹੈ। ਕਾਬਿਲੇਗ਼ੌਰ ਹੈ ਕਿ ਇਹ ਮੁੱਖ ਮਾਰਗ ਇਤਿਹਾਸਿਕ ਸ਼ੇਰ ਸ਼ਾਹ ਸੂਰੀ ਮਾਰਗ ਕਹਿਲਾਉਂਦਾ ਹੈ ਜੋ ਕਿ ਫਿਲੌਰ ਤੋਂ ਵਾਇਆ ਨੂਰਮਹਿਲ, ਨਕੋਦਰ ਤੇ ਕਪੂਰਥਲਾ ਤੋਂ ਹੁੰਦਾ ਹੋਇਆ ਸੁਭਾਨ ਪੁਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਨਿਕਲਦਾ ਹੈ ਤੇ ਜੋ ਦੋ ਜ਼ਿਲ੍ਹਿਆਂ ਜਲੰਧਰ ਤੇ ਕਪੂਰਥਲਾ ਨੂੰ ਵੀ ਜੋੜਦਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਵਿਧਾਇਕ ਅਤੇ ਮੰਤਰੀ ਇਸ ਪੁਲ ਉੱਪਰੋਂ ਦੀ ਲੰਘਦੇ ਹਨ ਪਰ ਉਨ੍ਹਾਂ ਦਾ ਧਿਆਨ ਇਸ ਵੱਲ ਨਹੀਂ ਜਾਂਦਾ, ਜਿਸ ਕਾਰਨ ਇਹ ਆਪਣੀ ਮਾੜੀ ਹਾਲਤ ’ਤੇ ਹੰਝੂ ਵਹਾ ਰਿਹਾ ਹੈ। ਇਸ ਦੇ ਨਾਲ ਹੀ ਇਸ ਪੁਲ ਦੇ ਹੇਠਾਂ ਸਾਫ ਸਫਾਈ ਨਾ ਹੋਣ ਕਾਰਨ ਜੜੀ ਬੂਟੀ ਨੇ ਜਮਾਵੜਾ ਕਰ ਰੱਖਿਆ ਹੈ। ਬਰਸਾਤੀ ਮੌਸਮ ਵਿੱਚ ਇਸ ਦਾ ਖਮਿਆਜ਼ਾ ਇਲਾਕੇ ਨੂੰ ਭੋਗਣਾ ਪੈ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਵੱਧਣ ਕਾਰਨ ਬੂਟੀ ਦਾ ਜਮਾਵੜਾ ਪਾਣੀ ਨੂੰ ਅੱਗੇ ਵਧਣ ਤੋਂ ਰੋਕ ਕੇ ਹੜਾਂ ਦੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ।
ਇਸ ਮਾਮਲੇ ਸਬੰਧੀ ਮੱਲੀਆਂ ਕਲਾਂ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਮਠਾੜੂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ’ਤੇ ਵੀ ਅਪੀਲ ਕੀਤੀ ਜਾਂ ਚੁੱਕੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਈਂ ਦਾ ਬਦਬੂ ਮਾਰਦਾ ਪਾਣੀ ਇਲਾਕੇ ਵਿੱਚ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਦੋਂ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇੱਥੋਂ ਤੱਕ ਕੀ ਹੁਣ ਇਸ ਦਾ ਅਸਰ ਆਮ ਘਰਾਂ ਦੇ ਵਿੱਚ ਲੱਗੀਆਂ ਮੋਟਰਾਂ ਜਾਂ ਨਲਕਿਆਂ ਤੇ ਪਾਣੀ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿੰਡ ਕੰਗ ਸਾਹਿਬ ਰਾਏ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਕੰਗ ਨੇ ਕਿਹਾ ਕਿ ਪਾਣੀ ਹੇਠਲੇ ਪਾਣੀ ਦੇ ਨਾਲ ਨਾਲ ਇਸ ਦਾ ਅਸਰ ਪਿੰਡਾਂ ਵਿੱਚ ਲੱਗੀਆਂ ਲੋਹੇ ਦੀਆਂ ਗਰਿਲਾਂ ਤੇ ਘਰਾਂ ਵਿੱਚ ਲੱਗੇ ਏਸੀਆਂ ’ਤੇ ਵੀ ਪੈ ਰਿਹਾ ਹੈ ਜੋ ਗੰਦੇ ਪਾਣੀ ਕਰਕੇ ਜਲਦੀ ਹੀ ਖਰਾਬ ਹੋ ਰਹੇ ਹਨ। ਪਿੰਡ ਮੁਧ ਦੇ ਨੰਬਰਦਾਰ ਹਰਕੰਵਲ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਇਸ ਚਿੱਟੀ ਵੇਈਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਉੱਥੇ ਹੀ ਵਾਤਾਵਰਨ ਵਿੱਚ ਵੀ ਗੰਧਲਾਪਨ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਨੂੰ ਇਸ ਦੀ ਸਾਫ ਸਫਾਈ ਦੇ ਨਾਲ ਨਾਲ ਇਸ ਦੇ ਕਿਨਾਰਿਆਂ ’ਤੇ ਸਫਾਈ ਕਰਕੇ ਬੂਟੇ ਵੀ ਲਾਉਣੇ ਚਾਹੀਦੇ ਹਨ। ਪਿੰਡ ਸੀਹੋਵਾਲ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਚੰਮਦਲ ਨੇ ਕਿਹਾ ਕਿ ਇਸ ਕਾਲੀ ਵੇਈ ਦੇ ਬਦਬੋ ਮਾਰਦੇ ਪਾਣੀ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਆਮ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਆਉਂਦੀ ਹੈ। ਪਿੰਡ ਹੇਰਾਂ ਦੇ ਸਰਪੰਚ ਮੁਖਤਿਆਰ ਸਿੰਘ ਹੇਅਰ ਨੇ ਕਿਹਾ ਕਿ ਇਸ ਵੇਈਂ ਦੇ ਕਿਨਾਰੇ ਵਸਦੇ ਪਿੰਡਾਂ ਦੇ ਲੋਕ ਪਿਛਲੇ ਕਾਫੀ ਵਰ੍ਹਿਆਂ ਤੋਂ ਇਹ ਸੰਤਾਪ ਭੋਗ ਰਹੇ ਹਨ। ਸਬੰਧਤ ਵਿਭਾਗ ਅਤੇ ਸਰਕਾਰ ਨੂੰ ਆਮ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਦੇਖਦੇ ਹੋਏ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਕੀ ਇਸ ਚਿੱਟੀ ਬੇਈ ਨੂੰ ਆਪਣਾ ਅਸਲੀ ਰੂਪ ਮਿਲੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਜੇ ਅਜਿਹਾ ਹੀ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਇਸ ਬੇਈ ਦੇ ਨਾਲ ਲੱਗਦੇ ਕਿਨਾਰਿਆਂ ਤੇ ਵਸਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮਾਮਲੇ ਸਬੰਧੀ ਜਦੋਂ ਡਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ।