11 ਕੇਵੀ ਫੀਡਰ ’ਚ ਆਇਆ ਫਾਲਟ, ਇਕ ਘੰਟਾ ਬਿਜਲੀ ਬੰਦ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Tue, 09 Jun 2026 11:21 PM (IST)
Updated Date: Tue, 09 Jun 2026 11:23 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਬਿਜਲੀ ਦੀ ਖਪਤ ਵਧਣ ਦੇ ਨਾਲ-ਨਾਲ ਬਿਜਲੀ ਦੇ ਫਾਲਟ ਵੀ ਵੱਧ ਗਏ ਹਨ। ਇਸ ਦੇ ਨਾਲ ਹੀ ਖਪਤਕਾਰਾਂ ਵੱਲੋਂ ਸ਼ਿਕਾਇਤ ਕੇਂਦਰਾਂ 'ਚ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਮੰਗਲਵਾਰ ਨੂੰ ਸਪੋਰਟਸ ਮਾਰਕੀਟ 'ਚ 15-15 ਮਿੰਟ ਕਰ ਕੇ ਚਾਰ ਵਾਰ ਬਿਜਲੀ ਬੰਦ ਰਹੀ। ਬਿਜਲੀ ਦੀ ਲੁੱਕਣ ਮੀਟੀ ਲੋਕਾਂ ਲਈ ਸਮੱਸਿਆ ਦਾ ਕਾਰਨ ਬਣੀ। ਸਪੋਰਟਸ ਮਾਰਕੀਟ ਦੇ ਨਾਲ-ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸੋਮਵਾਰ ਨੂੰ ਦੁਪਹਿਰ 2:30 ਵਜੇ ਸ਼ਹਿਰ ਦੇ ਮਾਡਲ ਟਾਊਨ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ ਤੇ ਮਾਤਾ ਰਾਣੀ ਚੌਕ ਦੇ ਆਸ-ਪਾਸ ਦੇ ਇਲਾਕੇ 'ਚ ਬਿਜਲੀ ਇਕ ਘੰਟਾ ਤੱਕ ਬੰਦ ਰਹੀ। ਗਰਮੀ ਵਧਣ ਨਾਲ ਲੋਡ ਵਧ ਗਿਆ ਹੈ, ਜਿਸ ਕਾਰਨ ਟ੍ਰਾਂਸਫਾਰਮਰ 'ਚ ਫਾਲਟ ਪੈ ਰਹੇ ਹਨ। ਫਾਲਟ ਨੂੰ ਠੀਕ ਕਰਨ 'ਚ ਇਕ ਘੰਟਾ ਲੱਗ ਰਿਹਾ ਹੈ। ਮੰਗਲਵਾਰ ਨੂੰ ਸ਼ਾਮ 5 ਵਜੇ ਗਦਈਪੁਰ ਦੇ 11 ਕੇਵੀ ਫੀਡਰ 'ਚ ਫਾਲਟ ਆ ਗਿਆ, ਜਿਸ ਕਾਰਨ ਇਕ ਘੰਟਾ ਬਿਜਲੀ ਬੰਦ ਰਹੀ। ਬਿਜਲੀ ਬੰਦ ਹੋਣ ਕਾਰਨ ਉਦਯੋਗਾਂ ਨੂੰ ਆਰਡਰ ਪੂਰਾ ਕਰਨ ਲਈ ਜਨਰੇਟਰ ਦੀ ਸਹਾਇਤਾ ਲੈਣੀ ਪਈ।
ਸਟਾਫ ਦੀ ਕਮੀ ਕਾਰਨ ਫਾਲਟ ਠੀਕ ਕਰਨ 'ਚ ਹੋ ਰਹੀ ਦੇਰੀ
ਸਟਾਫ ਦੀ ਕਮੀ ਕਾਰਨ ਫਾਲਟ ਠੀਕ ਕਰਨ 'ਚ ਦੇਰੀ ਹੋ ਰਹੀ ਹੈ। ਹਰ ਇਕ ਫਾਲਟ ਨੂੰ ਠੀਕ ਕਰਨ 'ਚ ਇਕ ਘੰਟਾ ਲੱਗ ਰਿਹਾ ਹੈ। ਫਾਲਟ ਵਧਣ ਕਾਰਨ ਮੁਲਾਜ਼ਮਾਂ ਨੂੰ ਠੀਕ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਲਟ ਦੇਰੀ ਨਾਲ ਠੀਕ ਹੋਣ ਦਾ ਖਮਿਆਜ਼ਾ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਮੇਂ ਸ਼ਿਕਾਇਤ ਕੇਂਦਰਾਂ 'ਚ ਪੁੱਜੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਰਿਹਾ ਹੈ।
---
ਸ਼ਿਕਾਇਤ ਕੇਂਦਰਾਂ 'ਚ ਪੁੱਜੀਆਂ 495 ਸ਼ਿਕਾਇਤਾਂ
ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਦੀ ਗੱਲ ਕਰੀਏ ਤਾਂ 495 ਸ਼ਿਕਾਇਤਾਂ ਪੁੱਜੀਆਂ ਹਨ। ਪਾਵਰਕਾਮ ਦੇ ਮੁਲਾਜ਼ਮਾਂ ਨੇ ਸ਼ਿਕਾਇਤਾਂ ਦਾ ਨਿਬੇੜਾ ਤਾਂ ਕਰ ਦਿੱਤਾ ਹੈ ਪਰ ਪਿਛਲੇ ਤਿੰਨ ਦਿਨਾਂ 'ਚ ਸ਼ਿਕਾਇਤਾਂ 'ਚ 20 ਫੀਸਦੀ ਦਾ ਵਾਧਾ ਹੋਇਆ ਹੈ। ਪਹਿਲਾਂ 350 ਦੇ ਕਰੀਬ ਸ਼ਿਕਾਇਤਾਂ ਹੁੰਦੀਆਂ ਸਨ, ਹੁਣ ਫਾਲਟ ਦੀਆਂ ਸ਼ਿਕਾਇਤਾਂ ਵਧ ਰਹੀਆਂ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸ਼ਿਕਾਇਤਾਂ ਟ੍ਰਾਂਸਫਾਰਮਰ ਦੀਆਂ ਤਾਰਾਂ ਸੜਨ ਨਾਲ ਸਬੰਧਤ ਹਨ।
---
ਸਮੇਂ ਸਿਰ ਕੀਤਾ ਜਾ ਰਿਹੈ ਸ਼ਿਕਾਇਤਾਂ ਦਾ ਨਿਬੇੜਾ
ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਟਾਫ ਦੀ ਕਮੀ ਕਾਰਨ ਸ਼ਿਕਾਇਤਾਂ ਦੇ ਨਿਪਟਾਰੇ 'ਚ ਦੇਰੀ ਹੋ ਰਹੀ ਹੈ। ਤਪਦੀ ਧੁੱਪ 'ਚ ਲਾਈਨਮੈਨ ਤੇ ਅਸਿਸਟੈਂਟ ਲਾਈਨਮੈਨ ਸ਼ਿਕਾਇਤਾਂ ਦਾ ਨਿਬੇੜਾ ਕਰ ਰਹੇ ਹਨ। ਇਕਦਮ ਲੋਡ ਵਧਣ ਕਾਰਨ ਸਮੱਸਿਆ ਆ ਰਹੀ ਹੈ। ਹਾਲਾਂਕਿ ਹਰ ਟ੍ਰਾਂਸਫਾਰਮਰ ਨੂੰ ਡੀਲੋਡ ਕੀਤਾ ਜਾ ਰਿਹਾ ਹੈ।