- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਵਾਸਤੇ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਤੇ ਕਿਸਾਨ ਡਾਢੇ ਚਿੰਤਤ।

ਝੋਨੇ ਦੇ ਝਾੜ ’ਤੇ ਪਵੇਗਾ ਇਸ ਦਾ ਅਸਰ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਸੂਬੇ ਅੰਦਰ ਬਿਜਲੀ ਦਾ ਸੰਕਟ ਦਿਨੋ ਦਿਨ ਵਧ ਰਿਹਾ ਹੈ। ਖੇਤੀਬਾੜੀ ਲਈ ਕਿਸਾਨਾਂ ਨੂੰ ਨਿਰਧਾਰਤ ਅੱਠ ਘੰਟੇ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਰਕੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬੀ ਜਾਗਰਣ ਵੱਲੋਂ ਇਸ ਮਾਮਲੇ ਸਬੰਧੀ ਦੋਨਾਂ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਤਰਲੋਚਨ ਸਿੰਘ ਸੰਘਾ, ਜਵਾਹਰ ਲਾਲ ਖੁੰਗਰ, ਨੰਬਰਦਾਰ ਬਲਵੀਰ ਸਿੰਘ ਹੁੰਦਲ, ਡਾਕਟਰ ਭੁਪਿੰਦਰ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਗੋਪੀ ਮੁਧ, ਮੁਖਤਿਆਰ ਸਿੰਘ ਹੇਅਰ, ਜੁਗਰਾਜ ਸਿੰਘ ਜੱਗੀ ਮੁਧ, ਰੋਸ਼ਨ ਸਿੰਘ, ਸੁਰਜੀਤ ਸਿੰਘ ਹੇਅਰ, ਸੁਖਵਿੰਦਰ ਸਿੰਘ ਸੋਖਾ ਮੱਲੀ, ਅਵਤਾਰ ਸਿੰਘ ਮੱਲੀ, ਪਰਮਜੀਤ ਸਿੰਘ ਕੰਗ ਤੇ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਭ ਨੇ ਇੱਕ ਸੁਰ ਵਿੱਚ ਕਿਹਾ ਕਿ ਖੇਤੀਬਾੜੀ ਲਈ ਬਹੁਤ ਮਾੜੇ ਹਾਲਾਤ ਬਣ ਚੁੱਕੇ ਹਨ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਪੱਕਣ ਦੇ ਕਿਨਾਰੇ ’ਤੇ ਖੜ੍ਹੀ ਹੈ, ਜਿਸ ਨੂੰ ਕਿ ਇਸ ਵਕਤ ਪਾਣੀ ਦੀ ਸਖਤ ਜ਼ਰੂਰਤ ਹੈ ਪਰ ਵਿਭਾਗ ਵੱਲੋਂ ਲਾਏ ਜਾ ਰਹੇ ਲੰਬੇ ਲੰਬੇ ਕੱਟ ਅਤੇ ਰੋਜ਼ਾਨਾ ਦੋ ਤੋਂ ਚਾਰ ਘੰਟੇ ਦਿੱਤੀ ਜਾ ਰਹੀ ਬਿਜਲੀ ਕਾਰਨ ਫਸਲਾਂ ਖਾਸ ਕਰਕੇ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਜਨਰੇਟਰਾਂ ਰਾਹੀਂ ਮਹਿੰਗੇ ਭਾਹ ਦਾ ਡੀਜ਼ਲ ਫੂਕ ਕੇ ਫਸਲਾਂ ਨੂੰ ਪਾਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਜੇਕਰ ਦੋ ਤੋਂ ਚਾਰ ਘੰਟੇ ਰੋਜ਼ਾਨਾ ਬਿਜਲੀ ਦੀ ਸਪਲਾਈ ਦਿੱਤੀ ਵੀ ਜਾਂਦੀ ਹੈ ਤਾਂ ਉਸ ਵਿੱਚ ਵੀ ਕੱਟ ਲੱਗ ਜਾਂਦੇ ਹਨ ਜਿਸ ਨਾਲ ਫਸਲਾਂ ਨੂੰ ਪਾਣੀ ਪੂਰੀ ਤਰ੍ਹਾਂ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਝੋਨੇ ਦੀ ਫਸਲ ਸੁੱਕ ਰਹੀ ਹੈ। ਕਿਸਾਨਾਂ ਨੇ ਆਖਿਆ ਕਿ ਬਿਜਲੀ ਦੇ ਕੱਟਾਂ ਕਾਰਨ ਝੋਨੇ ਦੀ ਫਸਲ ਤੇ ਇਸ ਦਾ ਅਸਰ ਪਵੇਗਾ ਅਤੇ ਝੋਨੇ ਦਾ ਝਾੜ ਘਟੇਗਾ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੋਵੇਗਾ। ਕਿਸਾਨਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਖੇਤੀਬਾੜੀ ਲਈ ਨਿਰਧਾਰਤ ਅੱਠ ਘੰਟੇ ਰੋਜ਼ਾਨਾ ਬਿਜਲੀ ਦੀ ਸਪਲਾਈ ਨਿਰਵਿਘਨ ਕੀਤੀ ਜਾਵੇ। ਇਸ ਬਿਜਲੀ ਦੇ ਸੰਕਟ ਸਬੰਧੀ ਜਦੋਂ ਪਾਵਰ ਕਾਮ ਕਾਰਪੋਰੇਸ਼ਨ ਦੇ ਐਕਸੀਅਨ ਬਿਨੇ ਕੋਮਲ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੱਚੇ ਕੋਲੇ ਦੀ ਕਮੀ ਦੇ ਕਾਰਨ ਇਹ ਸੰਕਟ ਪੈਦਾ ਹੋਇਆ ਹੈ ਪਰ ਜਲਦੀ ਹੀ ਸਰਕਾਰ ਵੱਲੋਂ ਇਸ ਕਮੀ ਨੂੰ ਪੂਰਾ ਕਰ ਦਿੱਤਾ ਜਾਵੇਗਾ।